ਪਠਾਨਕੋਟ, 25 ਅਪ੍ਰੈਲ (ਵਿਨੋਦ)- ਧੋਬੀ ਘਾਟ ਤੋਂ ਵਾਰਡ ਨੰਬਰ 4 ਨੂੰ ਪਾਣੀ ਸਪਲਾਈ ਕਰਨ ਵਾਲੀ ਪਾਈਪ ਲਾਈਨ ਦਹਾਕਿਆਂ ਪੁਰਾਣੀ ਸੀ | ਇਸ ਪਾਈ ਪਲਾਈਨ ਵਿਚ ਸੀਵਰੇਜ ਦਾ ਪਾਣੀ ਰਲਣ ਨਾਲ ਵਾਰਡ ਨੰਬਰ 3 ਅਤੇ 4 ਦੇ ਵਸਨੀਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਸੀ | ਲਗਾਤਾਰ ਹੋ ਰਹੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ ਵਾਰਡ ਨੰਬਰ 4 ਦੇ ਕੌਂਸਲਰ ਗੌਰਵ ਵਡੇਹਰਾ ਨੇ ਡਿਪਟੀ ਕਮਿਸ਼ਨਰ ਡਾ: ਪੱਲਵੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਵਸਨੀਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ | ਗੌਰਵ ਵਡੈਹਰਾ ਨੇ ਦੱਸਿਆ ਕਿ ਡੀ.ਸੀ ਨੇ ਤੁਰੰਤ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਅਤੇ ਨਤੀਜੇ ਵਜੋਂ ਅੱਜ ਇਨ੍ਹਾਂ ਪਾਈਪਾਂ ਨੂੰ ਬਦਲਣ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਪੰਡਿਤ ਕਮਲ ਪੰਤ ਨੇ ਵਾਰਡ ਨੰਬਰ 4 ਦੇ ਕੌਂਸਲਰ ਗੌਰਵ ਵਡੈਹਰਾ ਦਾ ਧੰਨਵਾਦ ਕੀਤਾ | ਪਠਾਨਕੋਟ ਦੇ ਸੇਵਾ ਮੁਕਤ ਅਧਿਕਾਰੀ, ਪ੍ਰਸਿੱਧ ਸਮਾਜ ਸੇਵਕ ਤੇ ਕਵੀ ਨਰੇਸ਼ ਨਿਰਗੁਣ ਨੇ ਗੌਰਵ ਵਡੈਹਰਾ ਨੂੰ ਇਸ ਯਾਦਗਾਰੀ ਕਾਰਜ ਦਾ ਸਿਹਰਾ ਦਿੰਦੇ ਹੋਏ ਉਨ੍ਹਾਂ ਨੂੰ ਵਾਰਡ ਨੰਬਰ 4 ਦਾ ਆਗੂ ਕਿਹਾ | ਉਨ੍ਹਾਂ ਕਿਹਾ ਕਿ ਗੌਰਵ ਵਡੇਹਰਾ ਨੇ ਆਪਣੇ ਪਿਤਾ ਮਹੰਤ ਸ਼ਾਹ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਵਾਰਡ ਦੇ ਵਸਨੀਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਲਈ ਹੈ, ਜਿਸ ਕਾਰਜ ਦੀ ਉਹ ਉਸ ਦੀ ਸ਼ਲਾਘਾ ਕਰਦੇ ਹਨ | ਵਾਰਡ ਕੌਂਸਲਰ ਗੌਰਵ ਵਡੈਹਰਾ ਨੇ ਕਿਹਾ ਕਿ ਉਹ ਆਪਣੇ ਵਾਰਡ ਵਿਚ ਕੰਮ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ | ਉਨ੍ਹਾਂ ਦਾ ਪਰਿਵਾਰ ਵਾਰਡ ਨੰਬਰ 4 ਦੇ ਵਸਨੀਕਾਂ ਦੀ ਸੇਵਾ ਲਈ ਹਮੇਸ਼ਾ ਮੌਜੂਦ ਹੈ |