ਪਠਾਨਕੋਟ, 25 ਅਪ੍ਰੈਲ (ਵਿਨੋਦ)-ਸਿਵਲ ਸਰਜਨ ਡਾ: ਸਨੀਤਾ ਸ਼ਰਮਾ ਦੇ ਹੁਕਮਾਂ ਅਤੇ ਐਪੀਡੀਮੋਲੋਜਿਸਟ ਡਾ: ਸਚਿਨ ਗਲੇਰੀਆ ਦੀ ਮੌਜੂਦਗੀ 'ਚ ਪ੍ਰੋਗਰਾਮ ਅਫਸਰ, ਸਿਹਤ ਕਰਮਚਾਰੀਆਂ ਵਲੋਂ ਸਿਵਲ ਹਸਪਤਾਲ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਸਚਿਨ ਗੁਲੇਰੀਆ ਨੇ ਦੱਸਿਆ ਕਿ ਸੰਸਾਰ ਭਰ ਵਿਚ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ | ਇਸ ਦਿਨ ਦਾ ਮੁੱਖ ਉਦੇਸ਼ ਮਲੇਰੀਆ ਵਰਗੀ ਖ਼ਤਰਨਾਕ ਬਿਮਾਰੀ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਅਤੇ ਇਸ ਦੇ ਖ਼ਾਤਮੇ ਲਈ ਸਾਂਝੀ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰਨਾ ਹੈ | ਮਲੇਰੀਏ ਦੇ ਮੁੱਖ ਲੱਛਣ ਤੇਜ਼ ਬੁਖ਼ਾਰ, ਕੰਬਣ, ਪਸੀਨਾ ਆਉਣਾ, ਸਿਰ ਦਰਦ, ਉਲਟੀਆਂ ਹਨ ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਮਲੇਰੀਆ ਰੋਕਥਾਮ, ਮਲੇਰੀਆ ਤੋਂ ਬਚਾਅ ਲਈ ਇਹ ਕਦਮ ਬਹੁਤ ਜ਼ਰੂਰੀ ਹਨ ਮੱਛਰਦਾਨੀ ਦੀ ਵਰਤੋਂ ਕਰੋ, ਪਾਣੀ ਖੜ੍ਹਾ ਨਾ ਹੋਣ ਦਿਓ, ਘਰਾਂ ਦੇ ਆਲੇ ਦੁਆਲੇ ਸਫ਼ਾਈ ਰੱਖੋ, ਪੂਰੀ ਬਾਂਹਾਂ ਵਾਲੇ ਕੱਪੜੇ ਪਹਿਨੋ, ਸਮੇਂ-ਸਿਰ ਡਾਕਟਰੀ ਸਲਾਹ ਲਵੋ | ਉਨ੍ਹਾਂ ਦੱਸਿਆ ਕਿ ਸਾਵਧਾਨੀ ਦੇ ਚੱਲਦੇ ਭਾਰਤ 'ਚ ਮਲੇਰੀਆ ਦੇ ਕੇਸਾਂ ਵਿਚ ਕਾਫੀ ਘਟਾਅ ਆਇਆ ਹੈ |