ਘੁਮਾਣ, 26 ਅਪ੍ਰੈਲ (ਬੰਮਰਾਹ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ ਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋਫ਼ੈਸਰ ਡਾ. ਸਰੋਜ ਅਰੋੜਾ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਸੰਸਥਾ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਇਲਾਕੇ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਹੈ | ਕਾਲਜ ਪਿ੍ੰਸੀਪਲ ਡਾਕਟਰ ਵੀ.ਕੇ. ਸਿੰਘ ਨੇ ਦੱਸਿਆ ਕਿ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਪੰਜਾਬ ਸਰਕਾਰ ਤੇ ਆਰ ਯੂ.ਐੱਸ.ਏ. ਦੀ ਨਵੀਂ ਯੋਜਨਾਬੰਦੀ ਤਹਿਤ 2016 ਵਿਚ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਨਾਂਅ 'ਤੇ ਖੋਲਿ੍ਹਆ ਗਿਆ | ਇਸ ਕਾਲਜ ਦਾ ਨੀਂਹ ਪੱਥਰ ਤਤਕਾਲੀ ਮੁੱਖ ਮੰਤਰੀ ਪੰਜਾਬ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਵਿਸ਼ੇਸ਼ ਹਾਜ਼ਰੀ ਵਿਚ ਕੇਂਦਰੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਅਤੇ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਰਦ ਪਵਾਰ ਦੁਆਰਾ ਰੱਖਿਆ ਗਿਆ ਸੀ | ਇਹ ਵਿਦਿਅਕ ਸੰਸਥਾ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਕਫ਼ਾਇਤੀ ਉੱਚ ਵਿੱਦਿਆ ਤੇ ਗਰੀਬ, ਪੱਛੜੇ ਵਰਗ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ ਪ੍ਰਦਾਨ ਕਰਦੀ ਹੈ | ਇਸ ਕਾਲਜ ਵਿਚ 65 ਫ਼ੀਸਦੀ ਲੜਕੀਆਂ ਤੇ 35 ਫ਼ੀਸਦੀ ਲੜਕੇ ਸਿੱਖਿਆ ਪ੍ਰਾਪਤ ਕਰ ਰਹੇ ਹਨ | ਕਾਲਜ ਵਿਚ ਬੀ.ਏ., ਬੀ.ਕਾਮ., ਬੀ.ਐਸ.ਸੀ. (ਮੈਡੀਕਲ, ਨਾਨ-ਮੈਡੀਕਲ, ਕੰਪਿਊਟਰ ਸਾਇੰਸ, ਫੈਸ਼ਨ ਡਿਜ਼ਾਇਨਿੰਗ), ਬੀ.ਸੀ.ਏ., ਐੱਮ.ਏ. (ਪੰਜਾਬੀ), ਸੀ.ਸੀ.ਏ., ਡਿਪਲੋਮਾ ਇਨ ਸਟੀਚਿੰਗ ਐਂਡ ਟੇਲਰਿੰਗ ਚਲਾਏ ਜਾ ਰਹੇ ਹਨ ਜਿਸ ਵਿਚ 630 ਦੇ ਕਰੀਬ ਵਿਦਿਆਰਥੀ ਵਿੱਦਿਆ ਹਾਸਲ ਕਰ ਰਹੇ ਹਨ | ਨਤੀਜਿਆਂ ਵਿਚ ਕਾਲਜ ਦੇ ਵਿਦਿਆਰਥੀ ਹਰ ਸਾਲ ਆਪਣਾ ਨਾਂਅ ਮੈਰਿਟ ਸੂਚੀ ਵਿਚ ਦਰਜ ਕਰਵਾਉਂਦੇ ਹਨ | ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਕਾਲਜ ਵਿਚ ਸਮੇਂ-ਸਮੇਂ 'ਤੇ ਸੈਮੀਨਰਾਂ, ਭਾਸ਼ਣ, ਨੁੱਕੜ ਨਾਟਕ ਆਦਿ ਮੁਕਾਬਲੇ ਤੇ ਹੋਰ ਕਈ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾ ਦੇ ਧਾਰਨੀ ਬਣਾਉਣ ਲਈ ਨੈਤਿਕ ਪ੍ਰੀਖਿਆ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਜਾਂਦੇ ਹਨ | 2025 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਯੁਵਕ ਮੇਲੇ 'ਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰੀ ਰਨਰ-ਅੱਪ ਟਰਾਫ਼ੀ ਜਿੱਤ ਕੇ ਕਾਲਜ ਦਾ ਮਾਣ ਵਧਾਇਆ | ਇਸ ਤੋਂ ਇਲਾਵਾ ਕਾਲਜ ਕੈਂਪਸ ਵਿਚ ਐੱਨ.ਐੱਸ.ਐੱਸ. ਯੂਨਿਟ ਵੀ ਚਲਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਹੁਣ ਤੱਕ ਐਨ.ਐਸ.ਐਸ. ਦੇ 4 ਕੈਂਪ ਲਗਾਏ ਜਾ ਚੁੱਕੇ ਹਨ ਤੇ ਕਈ ਵਿਦਿਆਰਥੀ ਐਨ.ਐਸ.ਐਸ. ਦੇ ਸੀ ਸਰਟੀਫਿਕੇਟ ਵੀ ਪ੍ਰਾਪਤ ਕਰ ਚੁੱਕੇ ਹਨ | ਹਰ ਸਾਲ ਕਾਲਜ ਵਿਖੇ ਖੇਡ ਸਮਾਗਮ ਤੇ ਡਿਗਰੀ ਵੰਡ ਸਮਾਗਮ ਵੀ ਕਰਵਾਇਆ ਜਾਂਦਾ ਹੈ | ਕਾਲਜ ਦੀ 10 ਏਕੜ ਵਿਚ ਬਣੀ ਵਿਸ਼ਾਲ, ਖੂਬਸੂਰਤ ਤੇ ਆਧੁਨਿਕ ਸਹੂਲਤਾਂ ਨਾਲ ਭਰਪੂਰ ਇਮਾਰਤ ਵਿਦਿਆਰਥੀਆਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਦੀ ਹੈ |