ਅੱਚਲ ਸਾਹਿਬ, 26 ਅਪ੍ਰੈਲ (ਗੁਰਚਰਨ ਸਿੰਘ)-ਨਜ਼ਦੀਕ ਪੈਂਦੇ ਪਿੰਡ ਮਿਸ਼ਰਪੁਰਾ ਵਿਖੇ ਅੱਜ ਦੁਪਹਿਰ ਦੇ ਸਮੇਂ ਕਬਾੜ ਦੇ ਗੋਦਾਮ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ ਗਿਆ | ਪਿੰਡ ਦੇ ਸਾਬਕਾ ਸਰਪੰਚ ਤੇਜਪਾਲ ਸਿੰਘ ਅਤੇ ਦੁਕਾਨ ਮਾਲਕ ਵਿਜੇ ਨੇ ਦੱਸਿਆ ਸਾਡਾ ਇਥੇ ਕਬਾੜ ਦੇ ਕੰਮ ਦਾ ਕਾਰੋਬਾਰ ਹੈ ਤੇ ਅੱਜ ਐਤਵਾਰ ਹੋਣ ਕਰ ਕੇ ਦੁਕਾਨ ਨੂੰ ਬੰਦ ਕੀਤਾ ਸੀ | ਦੁਪਹਿਰ ਸਮੇਂ ਨੇੜਲੇ ਲੋਕਾਂ ਦਾ ਫੋਨ ਗਿਆ ਕਿ ਤੁਹਾਡੇ ਦੁਕਾਨ ਨੂੰ ਅੱਗ ਲੱਗ ਚੁੱਕੀ ਹੈ | ਜਦ ਮੌਕੇ 'ਤੇ ਆ ਕੇ ਦੇਖਿਆ ਤਾਂ ਦੁਕਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕੀ ਸੀ | ਦੁਕਾਨ ਨੇੜੇ ਖਾਲੀ ਪਈ ਜਗ੍ਹਾ ਦੇ ਮਾਲਕ ਵਲੋਂ ਆਪਣੇ ਪਲਾਟ ਵਿਚ ਸੁੱਕੇ ਘਾਹ ਨੂੰ ਅੱਗ ਲਗਾਈ ਤੇ ਅਚਾਨਕ ਹਵਾ ਦੇ ਚੱਲਣ ਨਾਲ ਅੱਗ ਬਾਹਰ ਪਏ ਸਾਮਾਨ ਨੂੰ ਲੱਗ ਗਈ ਜਿਸ ਕਾਰਨ ਦੁਕਾਨ ਦੇ ਅੰਦਰ ਗੱਤਾ ਤੇ ਰੱਦੀ ਹੋਣ ਕਰ ਕੇ ਮੇਰਾ ਕਰੀਬ 7-8 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ | ਮੌਕੇ 'ਤੇ ਬਟਾਲਾ ਫਾਈਰ ਬਿਗ੍ਰੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਅੱਗ ਏਨੀ ਭਿਆਨਕ ਸੀ ਕਿ ਬਟਾਲਾ-ਜਲੰਧਰ ਰੋਡ ਕਰੀਬ ਅੱਧਾ ਘੰਟਾ ਬੰਦ ਰਿਹਾ |