ਗੁਰਦਾਸਪੁਰ, 28 ਅਪ੍ਰੈਲ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਦੇ ਪੈਨਸ਼ਨਰ ਐਸੋਸੀਏਸ਼ਨ ਰਜਿ. ਨੰਬਰ 56 ਦੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਵੱਡੇ ਸਹਿਯੋਗ ਨਾਲ ਹੋਂਦ ਵਿਚ ਆਈ ਪੰਜਾਬ ਸਰਕਾਰ ਜਿਸ ਨੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਚੋਣਾਂ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਸਨ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਕਾਂਗਰਸ ਸਰਕਾਰ ਦੇ ਸਮੇਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣਗੇ | ਪਰ ਹੋਇਆ ਇਸ ਦੇ ਉਲਟ, ਕਿਉਂਕਿ ਪਿਛਲੇ ਡੀ.ਏ ਸਮੇਤ ਹੋਰ ਬਕਾਏ ਤਾਂ ਕੀ ਦੇਣਗੇ, ਸਗੋਂ ਪਹਿਲਾਂ ਮਿਲਦੇ 37 ਤਰ੍ਹਾਂ ਦੇ ਭੱਤੇ ਵੀ ਬੰਦ ਕਰ ਦਿੱਤੇ ਗਏ | ਜਿਸ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਪੈਨਸ਼ਨਰਾਂ ਤੇ ਮੁਲਾਜ਼ਮਾਂ 'ਚ ਭਾਰੀ ਰੋਸ ਹੈ | ਪੈਨਸ਼ਨਰ ਤੇ ਮੁਲਾਜ਼ਮ ਹੁਣ ਲਗਾਤਾਰ ਕੇਂਦਰ ਸਰਕਾਰ ਤੇ ਗੁਆਂਢੀ ਸੂਬਿਆਂ ਦੀ ਤਰਜ਼ 'ਤੇ 18 ਫ਼ੀਸਦੀ ਡੀ.ਏ, ਉਸ ਦਾ ਬਕਾਇਆ 1-1-16 ਤੋਂ 30-6-21 ਤੱਕ ਲੈਣ ਲਈ ਲਗਾਤਾਰ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦੇ ਰਾਹ ਹਨ | ਸ੍ਰੀ ਪੱਪੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮਾਣਯੋਗ ਹਾਈਕੋਰਟ ਤੇ ਸੁਪਰੀਮ ਕੋਰਟ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਫੈਸਲੇ ਮੁਤਾਬਿਕ 30 ਜੂਨ ਤੱਕ ਬਕਾਏ ਜਾਰੀ ਨਾ ਕੀਤੇ ਤਾਂ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਪੰਜਾਬ ਤੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੱਤੇ 'ਤੇ ਆਪਣੇ ਸਾਰੇ ਬਕਾਏ ਯਕਮੁਸ਼ਤ ਲੈਣ, ਬਿਜਲੀ ਦੀ ਰਿਆਇਤ ਲੈਣ, ਮੈਡੀਕਲ ਕੈਸ਼ਲੈਸ ਸਕੀਮ ਦੁਬਾਰਾ ਚਾਲੂ ਕਰਵਾਉਣ, 2.59 ਫੈਕਟਰ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ 1972 ਨਿਯਮ ਤਹਿਤ ਲਾਗੂ ਕਰਵਾਉਣ ਆਦਿ ਲਈ ਮਜਬੂਰ ਹੋਣਗੇ | ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ |