ਗੁਰਦਾਸਪੁਰ, 28 ਅਪ੍ਰੈਲ (ਚੱਕਰਾਜਾ)-ਪੰਜਾਬ ਸਰਕਾਰ ਵਲੋਂ ਲੋਕਾਂ ਨੰੂ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਕੀਤੇ ਜਾ ਰਹੇ ਦਾਅਵੇ ਸਿਰਫ਼ ਝੂਠ ਦਾ ਪੁਲੰਦਾ ਸਾਬਤ ਹੋ ਰਹੇ ਹਨ, ਜਦੋਂ ਕਿ ਹਕੀਕਤ 'ਚ ਰੋਜ਼ਾਨਾ ਲਗਾਏ ਜਾ ਰਹੇ ਕਈ-ਕਈ ਘੰਟਿਆਂ ਦੇ ਬਿਜਲੀ ਕੱਟਾਂ ਨੇ ਲੋਕਾਂ ਦਾ ਅਤਿ ਦੀ ਗਰਮੀ 'ਚ ਜਿਊਣਾ ਮੁਹਾਲ ਕੀਤਾ ਹੈ ਅਤੇ ਸਰਕਾਰ ਲੋਕਾਂ ਨੰੂ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਨਾਕਾਮ ਰਹੀ ਹੈ, ਜਿਸ ਨੰੂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਲਕਾ ਗੁਰਦਾਸਪੁਰ ਦੇ ਸਮੂਹ ਵਰਕਰਾਂ ਵਲੋਂ 30 ਅਪ੍ਰੈਲ ਨੰੂ ਸਵੇਰੇ 10 ਵਜੇ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਨੇੜੇ ਪੈਂਦੇ ਐਕਸੀਅਨ ਪਾਵਰਕਾਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਬਿਜਲੀ ਦੇ ਲਗਾਏ ਜਾ ਰਹੇ ਕੱਟਾਂ ਕਾਰਨ ਜਿਥੇ ਗਰਮੀ 'ਚ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ, ਉੱਥੇ ਖੇਤੀ ਤੇ ਵਪਾਰਕ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਅਤੇ ਸਰਕਾਰ ਲੋਕਾਂ ਨੰੂ ਬਿਜਲੀ ਸਪਲਾਈ ਦੇਣ 'ਚ ਅਸਫ਼ਲ ਰਹੀ ਹੈ | ਜਦੋਂ ਕਿ ਅਜੇ ਗਰਮੀ ਦਾ ਸੀਜ਼ਨ ਸ਼ੁਰੂ ਹੀ ਹੋਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿਰਫ਼ ਝੂਠੇ ਲਾਰਿਆਂ ਤੋਂ ਬਾਹਰ ਆ ਕੇ ਜ਼ਮੀਨ ਪੱਧਰ 'ਤੇ ਲੋਕਾਂ ਨੰੂ ਕੁਝ ਕਰਕੇ ਦਿਖਾਇਆ ਜਾਵੇ | ਉਨ੍ਹਾਂ ਸਮੂਹ ਹਲਕਾ ਗੁਰਦਾਸਪੁਰ ਦੇ ਵਰਕਰਾਂ ਨੰੂ ਇਸ ਧਰਨੇ 'ਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਦਾ ਲੋਕ ਵਿਰਧੀ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਜਾਵੇ |