ਕਾਹਨੂੰਵਾਨ, 28 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)-ਟਰਾਂਸਫਾਰਮਰ ਤੋਂ ਟੁੱਟ ਕੇ ਜ਼ਮੀਨ 'ਤੇ ਡਿੱਗੀ ਤਾਰ ਤੋਂ ਲੱਗੇ ਕਰੰਟ ਕਾਰਨ ਗੁੱਜਰਾਂ ਦੀ ਇਕ ਕੀਮਤੀ ਮੱਝ ਮਰ ਗਈ ਅਤੇ ਮੱਝ ਨੂੰ ਬਚਾਉਂਦੇ ਸਮੇਂ ਮੱਝ ਦਾ ਮਾਲਕ ਵੀ ਕਰੰਟ ਦੀ ਲਪੇਟ ਵਿਚ ਆ ਗਿਆ, ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਗੁੱਜਰ ਫੰਨੂ ਪੁੱਤਰ ਬਸ਼ੀਰ ਨੇ ਦੱਸਿਆ ਕਿ ਸਠਿਆਲੀ ਪੁਲ ਦੇ ਨੇੜ੍ਹੇ ਇੱਟਾਂ ਦੇ ਭੱਠੇ ਕੋਲ ਕਾਹਨੂੰਵਾਨ ਦੇ ਕਿਸਾਨ ਜਨਕਾਰ ਸਿੰਘ ਪੁੱਤਰ ਪਿ੍ਥੀ ਸਿੰਘ ਦੇ ਖੇਤਾਂ ਵਿਚ ਡੇਰਾ ਬਣਾ ਕੇ ਰਹਿ ਰਹੇ ਹਨ ਅਤੇ ਦੁੱਧ ਵੇਚਣ ਦਾ ਕਾਰੋਬਾਰ ਕਰਦੇ ਹਨ | ਅੱਜ ਸਵੇਰੇ ਸਾਡੇ ਪਸ਼ੂ ਕਿਸਾਨ ਜਨਕਾਰ ਸਿੰਘ ਦੇ ਟਿਊਬਵੈੱਲ ਤੋਂ ਪਾਣੀ ਪੀਣ ਲਈ ਗਏ ਤਾਂ ਇਸੇ ਦੌਰਾਨ ਉਨ੍ਹਾਂ ਦੀ ਇਕ ਕੀਮਤੀ ਮੱਝ ਟਰਾਂਸਫਾਰਮਰ ਤੋਂ ਇਕ ਦਿਨ ਪਹਿਲਾਂ ਟੁੱਟ ਕੇ ਜ਼ਮੀਨ 'ਤੇ ਡਿੱਗੀ ਬਿਜਲੀ ਦੀ ਤਾਰ ਦੇ ਕਰੰਟ ਦੀ ਲਪੇਟ ਵਿਚ ਆ ਗਈ | ਜਦੋਂ ਮੱਝ ਤੜਫਨ ਲੱਗੀ ਤਾਂ ਅਸੀਂ ਟਰਾਂਸਫਾਰਮਰ ਦਾ ਸਵਿੱਚ ਕੱਟ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਟਰਾਂਸਫਾਰਮਰ ਦਾ ਸਵਿੱਚ ਖ਼ਰਾਬ ਹੋਣ ਕਾਰਨ ਉਹ ਸਪਲਾਈ ਨਹੀਂ ਬੰਦ ਕਰ ਸਕੇ, ਜਿਸ ਕਾਰਨ ਉਨ੍ਹਾਂ ਦੀ ਕੀਮਤੀ ਮੱਝ ਦੀ ਜਾਨ ਚਲੀ ਗਈ | ਖੇਤ ਮਾਲਕ ਜਨਕਾਰ ਸਿੰਘ ਨੇ ਦੱਸਿਆ ਕਿ ਉਸ ਨੇ ਕਈ ਵਾਰ ਆਪਣੇ ਇਸ ਖ਼ਰਾਬ ਸਵਿੱਚ ਨੂੰ ਠੀਕ ਕਰਵਾਉਣ ਲਈ ਪਾਵਰਕਾਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ, ਪਰ ਉਨ੍ਹਾਂ ਵਲੋਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਇਕ ਬੇਜ਼ੁਬਾਨ ਪਸ਼ੂ ਦੀ ਜਾਨ ਚਲੀ ਗਈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਮੰਗ ਕੀਤੀ ਕਿ ਜ਼ਿੰਮੇਵਾਰ ਬਿਜਲੀ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਗੁੱਜਰ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਸਬੰਧੀ ਸੰਬੰਧਿਤ ਜੇ.ਈ. ਜਸਪਾਲ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਜਦੋ ਗੁੱਜਰ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਕਿਸਾਨ ਦੇ ਟਿਊਬਵੈੱਲ 'ਤੇ ਲੈ ਕੇ ਗਏ ਤਾਂ ਇਸੇ ਦੌਰਾਨ ਇਕ ਮੱਝ ਵਲੋਂ ਆਪਣਾ ਸਿੰਗ ਟਰਾਂਸਫਾਰਮਰ ਦੀ ਖਿੱਚ ਵਿਚ ਫਸਾ ਲਿਆ, ਜਦੋਂ ਮੱਝ ਨੇ ਆਪਣੇ ਸਿੰਗ ਨੂੰ ਤਾਰ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਝਟਕੇ ਕਾਰਨ ਇਕ ਤਾਰ ਟੁੱਟ ਕੇ ਜ਼ਮੀਨ 'ਤੇ ਡਿੱਗ ਗਈ ਅਤੇ ਮੱਝ ਤਾਰ ਵਿਚਲੇ ਕਰੰਟ ਦੀ ਲਪੇਟ ਵਿਚ ਆ ਗਈ |