ਕਲਾਨੌਰ, 28 ਅਪ੍ਰੈਲ (ਪੁਰੇਵਾਲ)-ਪਿਛਲੇ ਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਖੇਤਰਾਂ 'ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ, ਜਦਕਿ ਅਜੇ ਤੱਕ ਪਿੰਡ ਚਿੱਕੜੀ ਦੇ ਕਿਸਾਨ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਬਰਬਾਦ ਹੋਣ ਕਾਰਨ ਮੁਆਵਜ਼ਾ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ | ਅੱਜ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਮੱਲ੍ਹੀ, ਜ਼ਿਲ੍ਹਾ ਸਕੱਤਰ ਅਸ਼ਵਨੀ ਕੁਮਾਰ ਲੱਖਣ ਕਲਾਂ, ਪ੍ਰੈੱਸ ਸਕੱਤਰ ਗੁਰਦੀਪ ਸਿੰਘ ਕਾਮਲਪੁਰ, ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ ਖੱਦਰ, ਇਕਾਈ ਪ੍ਰਧਾਨ ਸਰਦੂਲ ਸਿੰਘ ਚਿੱਕੜੀ, ਰਾਜੂ ਬਟਾਲਾ ਦੀ ਅਗਵਾਈ ਹੇਠ ਕਲਾਨੌਰ ਵਿਖੇ ਐੱਸ.ਡੀ.ਐੱਮ. ਦਫ਼ਤਰ ਪਹੁੰਚਿਆ | ਗੱਲਬਾਤ ਦੌਰਾਨ ਆਗੂਆਂ ਦੱਸਿਆ ਕਿ ਪਿੰਡ ਚਿੱਕੜੀ ਦੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ 'ਤੇ ਪੀੜਤ ਕਿਸਾਨ ਡੀ.ਸੀ. ਦਫ਼ਤਰ ਗੁਰਦਾਸਪੁਰ, ਤਹਿਸੀਲਦਾਰ ਦਫ਼ਤਰ ਕਲਾਨੌਰ, ਐੱਸ.ਡੀ.ਐੱਮ. ਦਫ਼ਤਰ ਕਲਾਨੌਰ ਵਿਖੇ ਖੱਜਲ-ਖੁਆਰ ਹੋ ਰਹੇ ਹਨ, ਪਰ ਕੋਈ ਵੀ ਸਰਕਾਰੀ ਦਫ਼ਤਰ ਇਨ੍ਹਾਂ ਦੀ ਬਾਂਹ ਨਹੀਂ ਫੜ੍ਹ ਰਿਹਾ | ਉਨ੍ਹਾਂ ਕਿਹਾ ਕਿ ਅੱਜ ਉਹ ਐੱਸ.ਡੀ.ਐੱਮ. ਦਫ਼ਤਰ ਕਲਾਨੌਰ ਤੇ ਤਹਿਸੀਲਦਾਰ ਦਫ਼ਤਰ ਪਹੁੰਚੇ ਅਤੇ ਇਥੇ ਵੀ ਉਨ੍ਹਾਂ ਦੀ ਕਿਸੇ ਅਧਿਕਾਰੀ ਵਲੋਂ ਫਰਿਆਦ ਨਹੀਂ ਸੁਣੀ ਗਈ | ਆਗੂਆਂ ਕਿਹਾ ਕਿ ਪਹਿਲਾਂ ਤਾਂ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਬਰਬਾਦ ਹੋਈ ਅਤੇ ਹੁਣ ਮੀਹਾਂ ਕਾਰਨ ਕਣਕ ਦੀ ਫ਼ਸਲ ਨੁਕਸਾਨੀ ਗਈ ਤੇ ਪੀੜਤਾਂ ਦੀ ਸਰਕਾਰ ਵੀ ਬਾਂਹ ਨਹੀਂ ਫੜ੍ਹ ਰਹੀ ਅਤੇ ਸਰਕਾਰ ਦੇ ਦਾਅਵੇ ਸਿਰਫ਼ ਬਿਆਨਾਂ ਤੱਕ ਹੀ ਸੀਮਿਤ ਹਨ | ਆਗੂਆਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਵਲੋਂ ਮੰਗ ਕਰਦੇ ਹਨ ਕਿ ਜਿਹੜੇ ਅਧਿਕਾਰੀਆਂ ਨੇ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦੇ ਖ਼ਰਾਬੇ ਦਾ ਮੁਆਵਜ਼ਾ ਦੇਣ 'ਚ ਕੁਤਾਹੀ ਕੀਤੀ ਹੈ ਉਨ੍ਹਾਂ ਦੀ ਸ਼ਨਾਖ਼ਤ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਚਿੱਕੜੀ ਦੇ ਕਿਸਾਨਾਂ ਨੂੰ ਝੋਨੇ ਦੇ ਖਰਾਬੇ ਦੇ ਪੈਸੇ ਦਿੱਤੇ ਜਾਣ |