ਭੈਣੀ ਮੀਆਂ ਖਾਂ, 28 ਅਪ੍ਰੈਲ (ਜਸਬੀਰ ਸਿੰਘ ਬਾਜਵਾ)-ਬੇਟ ਖੇਤਰ ਵਿਚੋਂ ਗੁਜ਼ਰਦੀ ਸੇਮ ਨਹਿਰ ਉੱਤੇ ਬਣਿਆ ਪੁਲ ਇਲਾਕੇ ਦੇ ਕਈ ਪਿੰਡਾਂ ਨੂੰ ਜੋੜਦਾ ਹੈ, ਇਸ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਹੈ | ਸੇਮ ਨਹਿਰ 'ਤੇ ਬਣੇ ਇਸ ਪੁਰਾਣੇ ਪੁਲ ਦੀ ਹਾਲਤ ਅੱਜ ਦੇ ਸਮੇਂ ਦੀਆਂ ਲੋੜਾਂ ਮੁਤਾਬਕ ਕਾਫੀ ਚਿੰਤਾਜਨਕ ਹੋ ਚੁੱਕੀ ਹੈ | ਇਸ ਸਬੰਧੀ ਇਲਾਕੇ ਦੇ ਮੁਹਤਬਰ ਸਰਪੰਚ ਅਰਜਨ ਸਿੰਘ ਰਾਜਪੁਰਾ, ਸਰਪੰਚ ਚਰਨਜੀਤ ਕੌਰ ਫੇਰੋਚੇਚੀ, ਸਾ. ਸਰਪੰਚ ਪੰਜਾਬ ਸਿੰਘ ਭੈਣੀ ਖਾਦਰ, ਸਰਪੰਚ ਪਰਮਜੀਤ ਸਿੰਘ ਜੀਂਦੜ ਪੱਤੀ, ਸਰਪੰਚ ਜਬਰ ਸਿੰਘ ਨਾਨੋਵਾਲ ਜੀਂਦੜ ਅਤੇ ਗੁਰਮੀਤ ਸਿੰਘ ਛੀਨਾ ਨੇ ਦੱਸਿਆ ਕਿ ਛੇ ਦਹਾਕੇ ਪਹਿਲਾਂ ਜਦੋਂ ਇਹ ਪੁਲ ਬਣਾਇਆ ਗਿਆ ਸੀ, ਉਦੋਂ ਆਵਾਜਾਈ ਏਨੀ ਜ਼ਿਆਦਾ ਨਹੀਂ ਸੀ ਅਤੇ ਨਾ ਹੀ ਏਨੇ ਭਾਰੀ ਵਾਹਨ ਚਲਦੇ ਸਨ, ਪਰ ਅੱਜ ਕੱਲ੍ਹ ਟਰੈਫਿਕ ਦੇ ਵਧਦੇ ਦਬਾਅ ਕਾਰਨ ਇਸ ਤੰਗ ਪੁਲ ਤੋਂ ਲੰਘਣਾ ਨਾ ਸਿਰਫ਼ ਮੁਸ਼ਕਲ ਹੋ ਗਿਆ ਹੈ, ਸਗੋਂ ਇਸ ਪੁਲ ਦੇ ਦੋਵੇਂ ਪਾਸੇ ਲੱਗੀ ਰੇਲਿੰਗ ਟੁੱਟ ਕੇ ਨਹਿਰ ਵਿਚ ਡਿਗ ਚੁੱਕੀ ਹੈ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਹਮੇਸ਼ਾ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਅਤੇ ਰਾਹਗੀਰਾਂ ਵਲੋਂ ਇਸ ਪੁਲ ਨੂੰ ਨਵਾਂ ਅਤੇ ਚੌੜਾ ਬਣਾਉਣ ਦੀ ਮੰਗ ਬਿਲਕੁਲ ਜਾਇਜ਼ ਹੈ | ਇਕ ਨਵਾਂ ਅਤੇ ਮਜ਼ਬੂਤ ਪੁਲ ਨਾ ਸਿਰਫ਼ ਸਫ਼ਰ ਨੂੰ ਸੌਖਾ ਬਣਾਏਗਾ, ਸਗੋਂ ਇਲਾਕੇ ਦੇ ਆਰਥਿਕ ਵਿਕਾਸ ਵਿਚ ਵੀ ਮਦਦਗਾਰ ਸਾਬਤ ਹੋਵੇਗਾ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਇਸ ਪੁਰਾਣੀ ਮੰਗ ਵੱਲ ਤੁਰੰਤ ਧਿਆਨ ਦੇਵੇ ਅਤੇ ਇਸ ਪ੍ਰੋਜੈਕਟ ਨੂੰ ਪਹਿਲ ਦੇ ਅਧਾਰ 'ਤੇ ਸ਼ੁਰੂ ਕਰੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ |