ਹਰਚੋਵਾਲ, 28 ਅਪ੍ਰੈਲ (ਢਿੱਲੋਂ, ਭਾਮ)-ਪਿੰਡ ਖੁਜਾਲਾ ਦਾ ਜੰਮਪਲ ਮਨਪ੍ਰੀਤ ਸਿੰਘ ਉਰਫ਼ ਗੋਬਿੰਦਾ ਜੋ ਬਹੁਤ ਹੀ ਉੱਚ ਕੋਟੀ ਦਾ ਕਬੱਡੀ ਖਿਡਾਰੀ ਹੈ, ਜਿਸ ਨੇ ਪੂਰੇ ਪੰਜਾਬ ਵਿਚ ਕਬੱਡੀ 'ਚ ਧੁੰਮਾਂ ਪਾਈਆਂ ਹੋਈਆਂ ਹਨ | ਉਹ ਅਜੇ ਵੀ ਕੱਚੇ ਕੋਠੇ ਅਤੇ ਬਾਲਿਆਂ ਵਾਲੀ ਛੱਤ ਹੇਠ ਗੁਜ਼ਾਰਾ ਕਰ ਰਿਹਾ ਹੈ | ਇਸ ਸਬੰਧੀ ਮਨਪ੍ਰੀਤ ਸਿੰਘ ਉਰਫ਼ ਗੋਬਿੰਦਾ ਖਿਡਾਰੀ ਨੇ ਆਪਣੇ ਪਰਿਵਾਰ ਸਮੇਤ ਦੱਸਿਆ ਕਿ ਮੈਂ ਇਕ ਗਰੀਬ ਪਰਿਵਾਰ 'ਚੋਂ ਉੱਠ ਕੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ, ਉੱਥੇ ਪਿੰਡ ਦਾ ਵੀ ਨਾਂਅ ਰੌਸ਼ਨ ਕੀਤਾ ਹੈ, ਪਰ ਅਫ਼ਸੋਸ ਕਿ ਮੇਰੇ ਗਰੀਬ ਦੀ ਕਿਸੇ ਵੀ ਵਿਅਕਤੀ ਨੇ ਬਾਂਹ ਨਹੀਂ ਫੜੀ | ਉਸ ਨੇ ਕਿਹਾ ਕਿ ਜਿੱਥੇ ਮੇਰਾ ਘਰ ਤਮਗਿਆਂ ਤੇ ਸੀਲਡਾਂ ਨਾਲ ਭਰਿਆ ਹੋਇਆ ਹੈ, ਉਥੇ ਪੰਜਾਬ ਸਰਕਾਰ ਨੂੰ ਮੇਰੇ ਵਰਗੇ ਖਿਡਾਰੀਆਂ ਦੀ ਮਦਦ ਕਰਨੀ ਚਾਹੀਦੀ ਸੀ, ਪਰ ਅਫ਼ਸੋਸ ਮੇਰੀ ਕੱਚੇ ਕੋਠਿਆਂ ਵਾਲੀ ਸਰਕਾਰੀ ਗ੍ਰਾਂਟ ਵੀ ਨਹੀਂ ਦਿੱਤੀ ਗਈ, ਪਰ ਮੇਰੇ ਅਜੇ ਵੀ ਕੋਠੇ ਦੀ ਛੱਤ ਬਾਲਿਆਂ ਵਾਲੀ ਅਤੇ ਬਾਲੇ ਵੀ ਟੁੱਟੇ ਹੋਏ ਹਨ | ਇਸ ਵਾਰ ਆਮ ਪਾਰਟੀ ਦੀ ਸਰਕਾਰ ਬਣੀ ਉਸ ਵਿਚ ਵੀ ਗ੍ਰਾਂਟ ਭਰੀ ਗਈ | ਪਿੰਡ ਵਿਚ ਬਾਕੀ ਵਿਅਕਤੀਆਂ ਦੀਆਂ ਗ੍ਰਾਂਟਾਂ ਮਿਲ ਗਈਆਂ ਹਨ, ਪਰ ਮੈਨੂੰ ਅਜੇ ਤੱਕ ਪੰਜਾਬ ਸਰਕਾਰ ਵਲੋਂ ਕੱਚਿਆਂ ਮਕਾਨਾਂ ਦੀ ਗ੍ਰਾਂਟ ਨਹੀਂ ਪ੍ਰਾਪਤ ਹੋਈ | ਉਸ ਨੇ ਕਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਪੜ੍ਹਾ ਰਿਹਾ ਹਾਂ ਤੇ ਬੱਚਿਆਂ ਦੇ ਰਹਿਣ-ਸਹਿਣ ਲਈ ਬਹੁਤ ਮੁਸ਼ਕਿਲ ਆ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਅਮਰਪਾਲ ਸਿੰਘ ਐਡਵੋਕੇਟ ਅਤੇ ਸਬੰਧਤ ਮਹਿਕਮੇ ਨੂੰ ਅਪੀਲ ਕਰਦਿਆਂ ਕਿਹਾ ਕਿ ਮੇਰੇ ਕੱਚੇ ਕੋਠਿਆਂ ਦੀ ਗ੍ਰਾਂਟ ਜਾਰੀ ਕਰ ਕੇ ਮੇਰੇ ਮਕਾਨ ਦੀ ਛੱਤ ਪਵਾਈ ਜਾਵੇ ਤਾਂ ਜੋ ਮੈਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਵੀ ਸਹੀ ਢੰਗ ਨਾਲ ਕਰ ਸਕਾਂ | ਉਸ ਨੇ ਦੱਸਿਆ ਕਿ ਪਿਛਲੇ 6-7 ਮਹੀਨਿਆਂ ਤੋਂ ਖੇਡਦਿਆਂ ਮੇਰੀ ਲੱਤ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਮੈਂ 6-7 ਮਹੀਨੇ ਤੋਂ ਕਬੱਡੀ ਵੀ ਨਹੀਂ ਖੇਡ ਸਕਿਆ, ਕਿਉਂਕਿ ਜੋ ਕਬੱਡੀ ਖੇਡ ਕੇ ਮੈਨੂੰ ਨਕਦ ਇਨਾਮ ਮਿਲਦੇ ਸਨ, ਮੈਂ ਉਸ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ | ਹੁਣ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਚੱਲ ਰਿਹਾ | ਉਨ੍ਹਾਂ ਨੇ ਹੋਰ ਨਾਮਵਰ ਸੁਸਾਇਟੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਮੇਰੀ ਮਦਦ ਕੀਤੀ ਜਾਵੇ | ਦੂਜੇ ਪਾਸੇ ਉਸ ਨੇ ਇਹ ਵੀ ਦੱਸਿਆ ਕਿ ਮੇਰਾ ਬਿਜਲੀ ਦਾ ਮੀਟਰ ਵੀ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਕੱਟ ਦਿੱਤਾ ਹੈ | ਮੇਰੇ ਬੱਚੇ ਮੋਮਬੱਤੀਆਂ ਜਗ੍ਹਾ ਕੇ ਪੜ੍ਹਾਈ ਕਰ ਰਹੇ ਹਨ | ਉਨ੍ਹਾਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆ ਕਿਹਾ ਕਿ ਜੇਕਰ ਕੋਈ ਮੇਰਾ ਬਿੱਲ ਬਣਦਾ ਹੈ ਤਾਂ ਉਹ ਮੈਨੂੰ ਮੁਆਫ਼ ਕੀਤਾ ਜਾਵੇ ਅਤੇ ਮੇਰੇ ਘਰ ਦਾ ਮੀਟਰ ਲਗਾ ਕੇ ਬਿਜਲੀ ਸਪਲਾਈ ਵੀ ਚਾਲੂ ਕੀਤੀ ਜਾਵੇ |