ਸ੍ਰੀ ਹਰਿਗੋਬਿੰਦਪੁਰ, 2 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਦਾ ਬੀਤੇ ਦਿਨੀਂ ਨਗਰ ਕੌਂਸਲ ਕਮੇਟੀ ਤੋਂ 5 ਸਾਲ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ | ਇਸੇ ਦੌਰਾਨ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਕਮੇਟੀ ਦੀਆਂ ਦੁਬਾਰਾ ਆਉਣ ਵਾਲੀਆਂ ਚੋਣਾਂ ਦੇ ਸੰਬਧੀ ਨਵਦੀਪ ਸਿੰਘ ਪੰਨੂੰ ਵਲੋਂ ਜ਼ੋਰਾਂ ਨਾਲ ਤਿਆਰੀਆਂ ਕਰਦੇ ਹੋਏ ਸ਼ਹਿਰ ਦੀ ਹਰੇਕ ਵਾਰਡਾਂ ਵਿਚ ਬੈਠਕ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਨਵਦੀਪ ਸਿੰਘ ਪੰਨੂੰ ਨੇ ਕਿਹਾ ਕਿ ਸ਼ਹਿਰ ਦੀਆਂ 11 ਵਾਰਡਾਂ ਵਿਚ ਉਨ੍ਹਾਂ ਵਲੋਂ ਆਪਣੇ ਉਮੀਦਵਾਰ ਖੜ੍ਹੇ ਕਰਨ ਲਈ ਵਿਉਂਤਬੰਦੀ ਉਲੀਕੀ ਗਈ ਹੈ | ਉਨ੍ਹਾਂ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਦੇ ਸ਼ਹਿਰ ਵਾਸੀ ਪਿਛਲੇ 5 ਸਾਲਾਂ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਮੈਨੂੰ ਵੋਟਾਂ ਪਾ ਕਿ ਜਿਤਾਉਣਗੇ, ਜਿਸ ਦਾ ਮੈਨੂੰ ਪੂਰਾ ਵਿਸ਼ਵਾਸ਼ ਹੈ | ਨਵਦੀਪ ਸਿੰਘ ਪੰਨੂੰ ਨੇ ਕਿਹਾ ਕਿ ਮੈਂ ਅਤੇ ਮੇਰੇ ਸਾਥੀ ਕੌਂਸਲਰਾਂ ਵਲੋਂ ਬੀਤੇ 5 ਸਾਲਾਂ ਵਿਚ ਸ਼ਹਿਰ ਦੀ ਹਰੇਕ ਵਾਰਡ ਵਿਚ ਵਿਕਾਸ ਕਰਵਾਇਆ ਹੈ | ਉਨ੍ਹਾਂ ਕਿਹਾ ਮੈਂ ਪਿਛਲੇ 5 ਸਾਲਾਂ ਵਿਚ ਉਹ ਵੀ ਕੱਚੇ ਰਸਤੇ ਪੱਕੇ ਕਰਵਾਏ ਹਨ, ਜੋ ਪਿਛਲੇ 60-70 ਸਾਲਾਂ ਵਿਚ ਕਿਸੇ ਵੀ ਹੋਰ ਪ੍ਰਧਾਨ ਵਲੋਂ ਨਹੀਂ ਕਰਵਾਏ ਗਏ | ਨਵਦੀਪ ਸਿੰਘ ਪੰਨੂੰ ਨੇ ਕਿਹਾ ਵਿਰੋਧੀ ਧੜ੍ਹੇ ਵਲੋਂ ਸ਼ਹਿਰ ਦਾ ਵਿਕਾਸ ਕਾਰਜ ਰੋਕਣ ਲਈ ਪਿਛਲੇ 5 ਸਾਲਾਂ ਵਿਚ ਅੜਿੱਕੇ ਖੜ੍ਹੇ ਕੀਤੇ ਹਨ, ਜਿਸ ਨੂੰ ਲੋਕ ਭਲੀਭਾਂਤ ਜਾਣਦੇ ਹਨ ਅਤੇ ਉਹ ਲੋਕ ਹੁਣ ਵੋਟਾਂ ਦੇ ਹੱਕਦਾਰ ਨਹੀਂ ਹਨ, ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ | ਇਸ ਮੌਕੇ ਸਾ. ਕੌਂਸਲਰ ਗੁਰਮੁੱਖ ਸਿੰਘ, ਤਰਸੇਮ ਸਿੰਘ, ਰਤਨ ਸਿੰਘ, ਬੋਧ ਰਾਜ, ਤੇਜਿੰਦਰ ਸਿੰਘ ਪੰਨੂੰ, ਹਰਦੇਵ ਸਿੰਘ ਪੰਨੂੰ, ਹਰਦੀਪ ਸਿੰਘ ਸੈਣੀ, ਹਰਜਿੰਦਰ ਸਿੰਘ ਸੈਣੀ, ਡਾ. ਮਨਜੀਤ ਸਿੰਘ ਪੀਟਾ, ਅਨੂਪ ਸਿੰਘ ਬੱਗੋ, ਜਸਬੀਰ ਸਿੰਘ ਮੌੜ, ਕੈਪਟਨ ਸ਼ੀਤਲ ਸਿੰਘ, ਸਤਨਾਮ ਸਿੰਘ ਤਲਵਾੜਾ ਆਦਿ ਹਾਜ਼ਰ ਸਨ |