ਡੇਰਾ ਬਾਬਾ ਨਾਨਕ, 2 ਮਈ (ਹੀਰਾ ਸਿੰਘ ਮਾਂਗਟ)-ਸਬ-ਡਵੀਜ਼ਨ ਡੇਰਾ ਬਾਬਾ ਨਾਨਕ ਅਧੀਨ ਆਉਂਦੀਆਂ ਰਸੋਈ ਗੈਸ ਦੀਆਂ ਏਜੰਸੀਆਂ ਵਲੋਂ ਲੋਕਾਂ ਨਾਲ ਧੋਖਾਧੜੀ ਤੇ ਖੱਜਲ-ਖੁਆਰੀ ਕੀਤੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਗੈਸ ਏਜੰਸੀਆਂ ਵਲੋ ਧੋਖਾਧੜੀ, ਗੈਸ ਦੀ ਬਲੈਕ ਅਤੇ ਖਪਤਕਾਰਾਂ ਦੀ ਕੀਤੀ ਜਾ ਰਹੀ ਖੱਜਲ-ਖੁਆਰੀ ਦੇ ਸਬੰਧ ਵਿਚ ਅੱਜ ਵਿਚਾਰਾਂ ਕਰਨ ਲਈ ਇਕ ਹੰਗਾਮੀ ਮੀਟਿੰਗ ਸ: ਅਵਤਾਰ ਸਿੰਘ ਰੰਧਾਵਾ ਸਿੰਘਪੁਰਾ ਦੀ ਪ੍ਰਧਾਨਗੀ ਹੇਠ ਸ: ਸਤਬੀਰ ਸਿੰਘ ਖੋਦੇਬੇਟ ਦੇ ਗ੍ਰਹਿ ਵਿਖੇ ਕੀਤੀ ਗਈ, ਜਿਸ ਵਿਚ ਪ੍ਰਧਾਨਗੀ ਮੰਡਲ ਮੈਂਬਰ ਸ: ਬਲਬੀਰ ਸਿੰਘ ਰੰਧਾਵਾ ਸ਼ਮਸ਼ੇਰਪੁਰ ਵੀ ਸ਼ਾਮਿਲ ਹੋਏ | ਪ੍ਰਧਾਨਗੀ ਮੰਡਲ ਦੇ ਮੈਂਬਰ ਜੋਗਿੰਦਰ ਸਿੰਘ ਖੰਨਾ ਚਮਾਰਾ, ਮੀਡੀਆ ਇੰਚਾਰਜ ਸਤਬੀਰ ਸਿੰਘ ਖੋਦੇਬੇਟ, ਸੀਨੀਅਰ ਆਗੂ ਨਰਿੰਦਰ ਸਿੰਘ ਤਲਵੰਡੀ ਹਿੰਦੂਆਂ ਅਤੇ ਸ਼ਮਸ਼ੇਰ ਸਿੰਘ ਖਾਸਾਂਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਸ਼ਾਮਿਲ ਵੱਖ-ਵੱਖ ਆਗੂਆਂ ਨੇ ਆਪੋ-ਆਪਣੇ ਪਿੰਡਾਂ/ਖੇਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਿਪੋਰਟ ਪੇਸ਼ ਕੀਤੀ ਕਿ ਰਸੋਈ ਗੈਸ ਵੰਡਣ ਵਾਲੀਆਂ ਏਜੰਸੀਆਂ ਗੈਸ ਸਪਲਾਈ ਦੇ ਸੰਕਟ ਦਾ ਝੂਠਾ ਬਹਾਨਾ ਬਣਾ ਕੇ ਖਪਤਕਾਰਾਂ ਨੂੰ ਗੈਸ ਸਪਲਾਈ ਕਰਨ ਤੋਂ ਆਨਾਕਾਨੀ ਤੇ ਟਾਲ-ਮਟੋਲ ਕਰ ਕੇ ਲੋਕਾਂ ਨੂੰ ਵੱਡੇ ਪੱਧਰ ਉੱਤੇ ਖੱਜਲ-ਖੁਆਰ ਕਰ ਰਹੀਆਂ ਹਨ, ਜਿਸ ਤੋਂ ਲੋਕਾਂ ਵਿਚ ਸ਼ੰਕਾ ਖੜਾ ਹੋ ਗਿਆ ਹੈ ਕਿ ਇਹ ਏਜੰਸੀਆਂ ਲੋਕਾਂ ਨੂੰ ਸਪਲਾਈ ਹੋਣ ਵਾਲੇ ਗੈਸ ਸਿਲੰਡਰਾਂ ਵਿਚ ਵੱਡੇ ਪੱਧਰ 'ਤੇ ਕਾਲਾ ਬਾਜ਼ਾਰੀ ਕਰ ਕੇ ਆਪਣੇ ਹੱਥ ਰੰਗ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹੀਆਂ ਏਜੰਸੀਆਂ ਵਿਚ ਮੁੱਖ ਤੌਰ 'ਤੇ ਨਾਨਕ ਇੰਡੇਨ ਸ਼ਾਹਪੁਰ ਜਾਜਨ, ਪਿੰਡ ਠੇਠਰਕੇ ਵਾਲੀ ਗੈਸ ਏਜੰਸੀ ਅਤੇ ਮੋਹਿਤ ਵੋਹਰਾ ਦੀ ਡੇਰਾ ਬਾਬਾ ਨਾਨਕ ਸਥਿਤ ਏਜੰਸੀ ਆਦਿ ਏਜੰਸੀਆਂ ਦੇ ਨਾਂਅ ਮੁੱਖ ਤੌਰ 'ਤੇ ਉਭਰ ਕੇ ਸਾਹਮਣੇ ਆਏ ਹਨ | ਮੀਟਿੰਗ ਨੇ ਇਨ੍ਹਾਂ ਰਿਪੋਰਟਾਂ ਨਾਲ ਸਹਿਮਤ ਹੁੰਦਿਆਂ ਗੈਸ ਏਜੰਸੀਆਂ ਦੀ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਦੁਕਾਨਦਾਰਾਂ ਸਮੇਤ ਹੋਰ ਲੋਕਾਂ ਵਿਰੋਧੀ ਮਾੜੀ ਕਾਰਗੁਜ਼ਾਰੀ ਦਾ ਸਖ਼ਤ ਨੋਟਿਸ ਲੈਣ ਉਪਰੰਤ ਇਲਾਕਾ ਡੇਰਾ ਬਾਬਾ ਨਾਨਕ ਦੀਆਂ ਸਮੂਹ ਗੈਸ ਏਜੰਸੀਆਂ ਨੂੰ ਅਜਿਹੀਆਂ ਘਟੀਆ ਕਾਰਵਾਈਆਂ ਨੂੰ ਬੰਦ ਕਰ ਕੇ ਸਮੂਹ ਖ਼ਪਤਕਾਰਾਂ ਨੂੰ ਸਾਫ਼-ਸੁਥਰੇ ਢੰਗ ਨਾਲ ਗੈਸ ਸਿਲੰਡਰਾਂ ਦੀ ਸਪਲਾਈ ਸ਼ੁਰੂ ਕਰਨ ਬਾਰੇ ਤਾੜਨਾ ਕੀਤੀ ਹੈ | ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਫ਼ੈਸਲਾ ਕੀਤਾ ਹੈ ਕਿ ਜੇਕਰ ਇਹ ਗੈਸ ਏਜੰਸੀਆਂ ਅਜਿਹੀਆਂ ਕਾਰਵਾਈਆਂ ਤੋਂ ਬਾਜ ਨਾ ਆਈਆਂ ਤਾਂ ਜਥੇਬੰਦੀ ਇਨ੍ਹਾਂ ਦੇ ਲਾਇਸੰਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਿਵਲ ਸਪਲਾਈ ਦਫ਼ਤਰ ਦੇ ਸਾਹਮਣੇ ਰੋਹ ਭਰਪੂਰ ਧਰਨਾ ਦੇਵੇਗੀ | ਮੀਟਿੰਗ ਵਿਚ ਮਾਸਟਰ ਸੁੱਚਾ ਸਿੰਘ ਰਾਮਦੀਵਾਲੀ, ਸਰਬਜੀਤ ਸਿੰਘ ਤਲਵੰਡੀ ਹਿੰਦੂਆਂ, ਬਲਕਾਰ ਸਿੰਘ ਹਰਦੋਰਵਾਲ, ਬਚਿੱਤਰ ਸਿੰਘ ਧਰਮਾਂਬਾਦ, ਜਰਨੈਲ ਸਿੰਘ ਖੋਦੇ ਬੇਟ, ਹਰਪਾਲ ਸਿੰਘ ਕੋਟ ਮੌਲਵੀ, ਸਰਵਣ ਸਿੰਘ ਰੜੇਵਾਲੀ, ਗੁਰਮੀਤ ਸਿੰਘ ਮੇਘਾ, ਹਰਜੀਤ ਸਿੰਘ ਖੋਦੇਬੇਟ ਅਤੇ ਅਮਰੀਕ ਸਿੰਘ ਕੋਟ ਮੌਲਵੀ ਆਦਿ ਆਗੂ ਸ਼ਾਮਿਲ ਸਨ |