ਗੁਰਦਾਸਪੁਰ, 2 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਆਲੇ ਦੁਆਲੇ ਕਸਬਿਆਂ ਅਤੇ ਮੁੱਖ ਸੜਕਾਂ 'ਤੇ ਓਵਰਲੋਡ ਟਿੱਪਰ ਅਤੇ ਟਰਾਲੀਆਂ ਚੱਲਣ ਨਾਲ ਹਾਲ ਹੀ ਵਿਚ ਬਣੀਆਂ ਸੜਕਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ | ਇਸ ਪਾਸੇ ਸਬੰਧਿਤ ਵਿਭਾਗ ਧਿਆਨ ਨਹੀਂ ਦੇ ਰਿਹਾ | ਇਸ ਸਬੰਧੀ ਸ਼ਹਿਰ ਦੇ ਸਮਾਜ ਸੇਵੀ ਆਗੂਆਂ ਨੇ ਦੱਸਿਆ ਕਿ ਗੁਰਦਾਸਪੁਰ-ਬਹਿਰਾਮਪੁਰ, ਕਾਹਨੂੰਵਾਨ ਰੋਡ, ਪੁਰਾਣਾ ਸ਼ਾਲਾ, ਪੰਡੋਰੀ ਰੋਡ, ਸਾਹੋਵਾਲ, ਗੁਰਦਾਸਪੁਰ-ਮੁਕੇਰੀਆਂ, ਦਲੇਲਪੁਰ ਖੇੜਾ, ਬਿਆਨਪੁਰ ਕਸਬਿਆਂ ਦੀਆਂ ਸੜਕਾਂ 'ਤੇ ਰੇਤਾ ਨਾਲ ਭਰੀਆਂ ਓਵਰਲੋਡ ਟਰਾਲੀਆਂ ਬੇਧੜਕ ਹੋ ਕੇ ਲੰਘ ਰਹੀਆਂ ਹਨ | ਇਨ੍ਹਾਂ ਟਰਾਲੀਆਂ ਦੇ ਚੱਲਣ ਨਾਲ ਸੜਕ 'ਤੇ ਕਈ ਹਾਦਸੇ ਵਾਪਰ ਰਹੇ ਹਨ, ਉਥੇ ਓਵਰਲੋਡ ਟਰਾਲੀਆਂ ਨੂੰ ਰੋਕਣ ਵਾਲਾ ਕੋਈ ਨਹੀਂ | ਇਨ੍ਹਾਂ ਟਰਾਲੀਆਂ ਤੋਂ ਇਲਾਵਾ ਬਿਨਾਂ ਨੰਬਰੀ ਟਿੱਪਰਾਂ ਵੀ ਰੇਤਾ ਨਾਲ ਭਰੀਆਂ ਇਸ ਸੜਕ 'ਤੇ ਚੱਲਦਿਆਂ ਦੇਖੀਆਂ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਲੰਬਾ ਸਮਾਂ ਸੜਕਾਂ ਦੀ ਹਾਲਤ ਖਸਤਾ ਬਣੀ ਰਹੀ ਹੈ, ਜਿਸ ਰਾਹੀਂ ਲੰਘਣਾ ਰਾਹਗੀਰਾਂ ਲਈ ਮੁਸ਼ਕਿਲ ਹੋ ਚੁੱਕਾ ਸੀ | ਹੁਣ ਪੰਜਾਬ ਸਰਕਾਰ ਵਲੋਂ ਇਸ ਸੜਕ ਦੀ ਮੁਰੰਮਤ ਤਾਂ ਕਰਵਾ ਦਿੱਤੀ ਹੈ | ਪਰ ਇਸ ਸੜਕ 'ਤੇ ਚੱਲਦੀਆਂ ਓਵਰਲੋਡ ਟਰਾਲੀਆਂ ਅਤੇ ਟਿੱਪਰਾਂ ਤੋਂ ਲੱਗਦਾ ਹੈ ਕਿ ਸੜਕ ਦੁਬਾਰਾ ਜਲਦੀ ਟੁੱਟ ਜਾਵੇਗੀ | ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਰੇਤਾ ਨਾਲ ਭਰੀਆਂ ਟਰਾਲੀਆਂ ਉੱਪਰੋਂ ਢੱਕੀਆਂ ਵੀ ਨਹੀਂ ਹੁੰਦੀਆਂ, ਜਿਸ ਦਾ ਰੇਤਾ ਪਿੱਛੇ ਚੱਲਦੇ ਦੋ-ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ ਅਤੇ ਵਾਹਨ ਚਾਲਕ ਅਕਸਰ ਜ਼ਖਮੀ ਹੋ ਜਾਂਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਓਵਰਲੋਡ ਟਰਾਲੀਆਂ ਦੇ ਪਿੱਛੇ ਕਿਸੇ ਤਰ੍ਹਾਂ ਦੀ ਲਾਈਟ ਅਤੇ ਸਾਈਨ ਵਗ਼ੈਰਾ ਵੀ ਨਹੀਂ ਲੱਗਾ ਹੁੰਦਾ | ਉਨ੍ਹਾਂ ਕਿਹਾ ਰਾਤ ਦੇ ਹਨੇਰੇ ਵੇਲੇ ਤਾਂ ਇਨ੍ਹਾਂ ਟਰਾਲੀਆਂ ਦਾ ਪਿੱਛੋਂ ਪਤਾ ਹੀ ਨਹੀਂ ਚੱਲਦਾ | ਲੋਕਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਮਾਈਨਿੰਗ ਤੇ ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਕਰਕੇ ਓਵਰਲੋਡ ਟਿੱਪਰਾਂ-ਟਰਾਲੀਆਂ 'ਤੇ ਕਾਰਵਾਈ ਕੀਤੀ ਜਾਵੇ, ਜਿਸ ਨਾਲ ਲੋਕਾਂ ਨੂੰ ਓਵਰਲੋਡ ਟਰਾਲੀਆਂ ਤੋਂ ਰਾਹਤ ਮਿਲ ਸਕੇ |