ਗੁਰਦਾਸਪੁਰ, 2 ਮਈ (ਅਸ਼ੋਕ ਸ਼ਰਮਾ)-ਬੀ.ਐਮ.ਐਸ.ਐਮ ਗਰੁੱਪ ਦੇ ਗਗਨ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ ਦੇ (ਆਈ.ਸੀ.ਐਸ.ਸੀ) ਬੋਰਡ ਵਲੋਂ ਐਲਾਨਿਆ 10ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਇੰਦੂ ਮਤੀ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਰਿਸ਼ਿਕਾ ਠਾਕੁਰ ਨੇ 93 ਫ਼ੀਸਦੀ ਨਾਲ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਜਦੋਂ ਕਿ ਜੈਸਮੀਨ ਕੌਰ ਤੇ ਮਨਵੀਰ ਕੌਰ ਨੇ 80 ਫ਼ੀਸਦੀ ਨਾਲ ਦੂਜਾ ਅਤੇ ਗੁਰਮਨ ਸਿੰਘ, ਸੁਹਾਨਾ ਠਾਕੁਰ ਨੇ 79.5 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਚੰਦਨ ਸ਼ਰਮਾ, ਜਸ਼ਨਪ੍ਰੀਤ ਕੌਰ ਅਤੇ ਰਮਨਪ੍ਰੀਤ ਸਿੰਘ ਨੇ 75 ਫ਼ੀਸਦੀ ਅੰਕ ਪ੍ਰਾਪਤ ਕੀਤੇ | ਰਿਸ਼ਿਕਾ ਦੀ ਇਸ ਵੱਡੀ ਉਪਲਬਧੀ ਤੋਂ ਬਾਅਦ ਸਕੂਲ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ | ਇਸ ਮੌਕੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ | ਰਿਸ਼ਿਕਾ ਨੇ ਖੁਸ਼ੀ ਜਿਤਾਉਂਦਿਆਂ ਕਿਹਾ ਕਿ ਉਸ ਦੀ ਮਿਹਨਤ ਅੱਜ ਰੰਗ ਲੈ ਆਈ ਹੈ ਅਤੇ ਉਹ ਇਸ ਨਤੀਜੇ ਨਾਲ ਬਹੁਤ ਖੁਸ਼ ਹੈ | ਉਸ ਨੇ ਕਿਹਾ ਕਿ ਉਸ ਨੇ ਨਿਯਮਿਤ ਪੜ੍ਹਾਈ, ਸਮੇਂ ਦੀ ਸਹੀ ਵਰਤੋਂ ਅਤੇ ਅਧਿਆਪਕਾਂ ਦੀ ਰਹਿਨੁਮਾਈ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ | ਸੰਸਥਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਸ਼ਾਨਦਾਰ ਨਤੀਜੇ ਪਿੱਛੇ ਸਕੂਲ ਦੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਪੜ੍ਹਾਉਣ ਦਾ ਢੰਗ ਅਤੇ ਵਧੀਆ ਮਾਹੌਲ ਹੈ | ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਉਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ | ਰਿਸ਼ਿਕਾ ਦੀ ਇਹ ਕਾਮਯਾਬੀ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਸਾਬਤ ਹੋਵੇਗੀ | ਇਸ ਦੇ ਨਾਲ ਹੀ ਵਿਦਿਆਰਥੀਆਂ ਦੇ 11ਵੀਂ ਜਮਾਤ ਮੈਡੀਕਲ, ਨਾਨ ਮੈਡੀਕਲ ਅਤੇ ਪਲੇਅ ਵੇ ਦੇ ਦਾਖ਼ਲੇ ਸ਼ੁਰੂ ਹਨ | ਜਿਸ ਵਿਚ 'ਬੇਟੀ ਪੜ੍ਹਾਓ ਬੇਟੀ ਬਚਾਓ' ਮੁਹਿੰਮ ਤਹਿਤ ਤੇ ਲੜਕੀਆਂ ਨੂੰ ਦਾਖ਼ਲੇ ਵਿਚ ਭਾਰੀ ਛੂਟ ਦਿੱਤੀ ਜਾ ਰਹੀ ਹੈ |