ਗੁਰਦਾਸਪੁਰ, 3 ਮਈ (ਅਸ਼ੋਕ ਸ਼ਰਮਾ)-ਅੱਜ ਕੌਮਾਂਤਰੀ ਮਈ ਦਿਵਸ ਦੇ ਸਬੰਧ 'ਚ ਪੀ.ਐੱਸ.ਈ. ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਸਰਕਲ ਦਫ਼ਤਰ ਵਿਖੇ ਲਾਲ ਝੰਡਾ ਲਹਿਰਾਉਣ ਉਪਰੰਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਸਾਹਿਬ ਸਿੰਘ ਧਾਲੀਵਾਲ, ਪੈਨਸ਼ਨਰਜ਼ ਯੂਨੀਅਨ ਏਟਕ ਦੇ ਆਗੂ ਕਾਮਰੇਡ ਬਲਵਿੰਦਰ ਸਿੰਘ ਉਦੀਪੁਰ ਨੇ ਦੱਸਿਆ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਦਿਹਾੜੀ ਦਾ ਸਮਾਂ 8 ਘੰਟੇ ਕਰਾਉਣ ਲਈ ਮਜ਼ਦੂਰ ਜਮਾਤ ਵਲੋਂ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕੀਤੇ ਤੇ ਸਰਕਾਰ ਨੇ ਸੰਘਰਸ਼ ਨੂੰ ਦਬਾਉਣ ਲਈ ਨਿਹੱਥੇ ਕਿਰਤੀਆਂ 'ਤੇ ਅੰਨੇ੍ਹਵਾਹ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਮਜ਼ਦੂਰ ਜਮਾਤ ਲਈ ਇਤਿਹਾਸਿਕ ਦਿਨ ਹੈ, ਇਸ ਲਈ ਸਾਨੂੰ ਜਥੇਬੰਦਕ ਹੋ ਕੇ ਸਰਕਾਰ ਦੀਆਂ ਨੀਤੀਆਂ ਦਾ ਟਾਕਰਾ ਕਰਨ ਲਈ ਸੰਘਰਸ਼ ਦੇ ਮੈਦਾਨ ਵਿਚ ਆਉਣਾ ਪਵੇਗਾ, ਕਿਉਂਕਿ ਅੱਜ ਵੀ ਰਾਜ ਤੇ ਕੇਂਦਰੀ ਸਰਕਾਰ ਮਜ਼ਦੂਰ, ਮੁਲਾਜ਼ਮ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ ਤੇ ਕਿਰਤ ਕਾਨੰੂਨਾਂ ਨੂੰ ਖ਼ਤਮ ਕਰਨ 'ਤੇ ਤੁਲੀ ਹੈ | ਇਸ ਮੌਕੇ ਇੰਜ: ਜਸਵਿੰਦਰ ਸਿੰਘ ਬਾਊਪੁਰ, ਨਿਰਮਲ ਸਿੰਘ ਬਸਰਾ, ਰਕੇਸ਼ ਕੁਮਾਰ, ਰਣਜੀਤ ਸਿੰਘ, ਅਨਿਲ ਕੁਮਾਰ ਸ਼ਰਮਾ, ਲਖਵਿੰਦਰ ਸਿੰਘ ਟਾਂਡਾ ਗੌਰਵ, ਮਨਦੀਪ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ |