ਬਟਾਲਾ, 4 ਮਈ (ਸਤਿੰਦਰ ਸਿੰਘ)-ਡਾਇਰੈਕਟਰ, ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ-ਚੰਡੀਗੜ੍ਹ ਵਲੋਂ ਰਾਜ ਪੱਧਰ 'ਤੇ ਲਈ ਗਈ ਨੈਸ਼ਨਲ ਮੀਨਸ ਕਮ ਮੈਰਿਟ ਵਜ਼ੀਫਾ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ | ਇਸ ਵਜ਼ੀਫਾ ਪ੍ਰੀਖਿਆ 'ਚ ਸਕੂਲ ਆਫ਼ ਐਮੀਨੈਂਸ ਬਟਾਲਾ ਦੀਆਂ 4 ਵਿਦਿਆਰਥਣਾਂ ਭਵਨੀਤ ਸਪੁੱਤਰੀ ਸ਼੍ਰੀ ਕਪਿਲ ਦੇਵ, ਪਾਇਲ ਸਪੁੱਤਰੀ ਬਲਵਿੰਦਰ ਕੁਮਾਰ, ਵੰਸ਼ਿਕਾ ਸਪੁੱਤਰੀ ਸ਼੍ਰੀ ਵਿਜੇ ਕੁਮਾਰ ਤੇ ਸੰਧਿਆ ਸਪੁੱਤਰੀ ਸ੍ਰੀ ਗੋਬਿੰਦ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਜ਼ੀਫ਼ਾ ਪ੍ਰੀਖਿਆ ਪਾਸ ਕੀਤੀ ਹੈ | ਸਕੂਲ ਆਫ਼ ਐਮੀਨੈਂਸ ਬਟਾਲਾ ਦੇ ਪਿ੍ੰਸੀਪਲ ਸੁਨੀਤਾ ਸ਼ਰਮਾ ਨੇ ਐੱਨ.ਐੱਮ.ਐੱਮ.ਐੱਸ. ਵਜ਼ੀਫ਼ਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਸਨਮਾਨਿਤ ਕਰਦਿਆਂ ਇਸ ਪ੍ਰਾਪਤੀ ਲਈ ਵਧਾਈ ਤੇ ਅਗਲੇਰੀ ਪੜ੍ਹਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਦਿਆਂ ਇਸ ਸਕੀਮ ਤਹਿਤ 9ਵੀਂ ਤੋਂ 12ਵੀਂ ਸ਼੍ਰੇਣੀ ਤੱਕ ਪੜ੍ਹਾਈ ਦੌਰਾਨ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਵਜ਼ੀਫ਼ਾ ਹਾਸਲ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਅਗਲੇ 4 ਸਾਲਾਂ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੂੰ 48 ਹਜ਼ਾਰ ਰੁਪਏ ਵਜ਼ੀਫੇ ਵਜੋਂ ਮਿਲਣਗੇ | ਪਿ੍ੰਸੀਪਲ ਸੁਨੀਤਾ ਸ਼ਰਮਾ ਨੇ ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਵਲੋਂ ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਵਧਾਈ ਦਿੰਦਿਆਂ ਸਕੂਲ ਆਫ਼ ਐਮੀਨੈਂਸ ਬਟਾਲਾ ਦੇ ਕਿਲ੍ਹਾ ਮੰਡੀ ਕੈਂਪਸ ਤੋਂ ਇਨ੍ਹਾਂ ਵਿਦਿਆਰਥੀਆਂ ਦੇ ਅਗਵਾਈ ਕਰ ਰਹੇ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੀ ਅਗਵਾਈ ਹੇਠ ਇਸ ਮਹੱਤਵਪੂਰਨ ਪ੍ਰਾਪਤੀ ਰਾਹੀਂ ਆਪਣੇ ਸਕੂਲ, ਮਾਤਾ-ਪਿਤਾ, ਅਧਿਆਪਕਾਂ ਦਾ ਨਾਂਅ, ਇਲਾਕੇ, ਜ਼ਿਲ੍ਹਾ ਗੁਰਦਾਸਪੁਰ ਅਤੇ ਰਾਜ ਪੱਧਰ 'ਤੇ ਰੌਸ਼ਨ ਕੀਤਾ ਹੈ ਅਤੇ ਭਵਿੱਖ ਵਿਚ ਵੀ ਸਕੂਲ ਦੇ ਵਿਦਿਆਰਥੀ ਇਸੇ ਤਰ੍ਹਾਂ ਵੱਖ-ਵੱਖ ਵਜ਼ੀਫ਼ਾ ਸਕੀਮਾਂ ਤਹਿਤ ਹੋਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹਿਣਗੇ | ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |