ਬਟਾਲਾ, 4 ਮਈ (ਸਤਿੰਦਰ ਸਿੰਘ)-ਬੀ.ਜੇ.ਪੀ. ਵਲੋਂ ਆਮ ਆਦਮੀ ਪਾਰਟੀ ਵਲੋਂ ਨਾਮਜ਼ਦ ਕੀਤੇ 7 ਰਾਜ ਸਭਾ ਮੈਂਬਰਾਂ ਨੂੰ ਆਪਣੇ 'ਚ ਮਿਲਾ ਕੇ ਬਦਨਾਮੀ ਹੀ ਖੱਟੀ ਹੈ, ਕੋਈ ਮਾਅਰਕਾ ਨਹੀਂ ਮਾਰਿਆ | ਉਪਰੋਕਤ ਵਿਚਾਰ ਵਾਇਸ ਆਫ਼ ਬਟਾਲਾ ਦੇ ਫਾਊਾਡਰ ਮੈਂਬਰ ਡਾ. ਕਮਲਜੀਤ ਸਿੰਘ ਕੇ.ਜੇ., ਪ੍ਰਧਾਨ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ, ਵੀ.ਐੱਮ. ਗੋਇਲ ਪੈਟਰਨ ਤੇ ਗੁਰਭਿੰਦਰ ਸਿੰਘ ਕਾਹਲੋਂ ਲਾਡੇ ਸ਼ਾਹ ਕੋਰ ਕਮੇਟੀ ਮੈਂਬਰ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਉਪਰੋਕਤ ਰਾਜ ਸਭਾ ਮੈਂਬਰ, ਜੋ ਕਿ ਆਪਣੇ ਬਲਬੂਤੇ ਉੱਪਰ ਪੰਚਾਇਤ ਮੈਂਬਰ ਵੀ ਨਹੀਂ ਬਣ ਸਕਦੇ ਸਨ, 'ਆਪ' ਵਲੋਂ ਦਿੱਤੇ ਗਏ ਮਾਣ-ਸਨਮਾਨ ਨੂੰ ਹਜ਼ਮ ਨਹੀਂ ਕਰ ਸਕੇ | ਉਪਰੋਕਤ ਵਿਅਕਤੀਆਂ ਦੇ 'ਆਪ' ਛੱਡਣ ਨਾਲ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੀ ਹੈ ਅਤੇ ਆਪਣੇ ਵਿਚ ਬੈਠੇ ਕੁਝ ਹੋਰ ਕਾਲੀਆਂ ਭੇਡਾਂ ਨੂੰ ਬਾਜ ਅੱਖ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਹੈ | ਜੇਕਰ ਹੋਰ ਵੀ ਕੋਈ 'ਆਪ' ਨੂੰ ਛੱਡ ਕੇ ਜਾਣਾ ਚਾਹੁੰਦਾ ਹੈ ਜਾ ਸਕਦਾ ਹੈ, ਕਿਉਂਕਿ ਲੋਕ ਜਿਨ੍ਹਾਂ ਦੀ ਲੋੜ ਹੁੰਦੀ ਹੈ, ਉਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਲੋਕ ਭਲਾਈ ਕੰਮਾਂ ਕਰ ਕੇ ਨਾਲ ਹਨ | ਉਕਤ ਆਗੂਆਂ ਨੇ ਹੁਣੇ ਜਿਹੇ ਸਰਕਾਰ ਵਲੋਂ ਬਣਾਏ ਗਏ ਬੇਅਦਬੀ ਸੰਬੰਧੀ ਕਾਨੂੰਨ ਦੀ ਭਰਪੂਰ ਸ਼ਾਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਹੁਣ ਜ਼ੇਲ੍ਹ ਦੇ ਅੰਦਰ ਹੀ ਮਰਨਾ-ਸੜਨਾ ਪਵੇਗਾ ਤੇ 25 ਲੱਖ ਹਰਜਾਨਾ ਵੀ ਭਰਨਾ ਪਵੇਗਾ, ਪਰ ਕਈ ਲੋਕਾਂ ਅਤੇ ਸਿਆਸੀ ਪਾਰਟੀਆਂ ਨੂੰ ਇਹ ਕਾਨੂੰਨ ਪਸੰਦ ਨਹੀਂ ਆ ਰਿਹਾ, ਪਤਾ ਨਹੀ ਕਿਉਂ? ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਵਿਚ ਬਟਾਲਾ 'ਚ ਕੀਤਾ ਗਿਆ ਵਿਸ਼ਾਲ ਇਤਹਾਸਿਕ ਇਕੱਠ, ਜਿਸ ਵਿਚ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਹਾਜ਼ਰ ਹੋ ਕੇ ਸ਼ੈਰੀ ਕਲਸੀ ਅਤੇ ਇਲਾਕਾ ਨਿਵਾਸੀਆਂ ਦੀ ਭਰਪੂਰ ਸ਼ਾਲਾਘਾ ਕੀਤੀ ਸੀ, ਇਸ ਦਾ ਪਰਪੱਕ ਸਬੂਤ ਹੈ |