ਬਟਾਲਾ, 4 ਮਈ (ਸਤਿੰਦਰ ਸਿੰਘ)-ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ 7 ਮਈ ਨੂੰ ਕਾਲੇ ਚੋਲੇ ਪਾ ਕੇ ਖੁਦ ਨੂੰ ਜੰਜ਼ੀਰਾ ਨਾਲ ਬੰਨ੍ਹ ਕੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਸੰਸਦ ਭਵਨ ਵਲ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਕੇਂਦਰ ਦੀ ਭਾਜਪਾ ਸਰਕਾਰ ਨੂੰ 32-32 ਸਾਲਾਂ ਤੋਂ ਜ਼ੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਪੰਥ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ | ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਬੰਦ ਬੰਦੀ ਸਿੰਘ ਜਿਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ਅਨੁਸਾਰ ਸਜ਼ਾਵਾਂ ਮਿਲੀਆਂ | ਉਨ੍ਹਾਂ ਸਜ਼ਾਵਾਂ ਤੋਂ ਕਈ ਗੁਣਾ ਵੱਧ ਸਜ਼ਾਵਾ ਜ਼ੇਲ੍ਹਾਂ ਵਿਚ ਬੰਦ ਬੰਦੀ ਸਿੰਘ ਕੱਟ ਚੁੱਕੇ ਹਨ, ਪਰ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੀਆਂ, ਜਿਸ ਕਰ ਕੇ ਸਮੁੱਚੇ ਪੰਥ ਵਿਚ ਇਨ੍ਹਾਂ ਦੋਵੇਂ ਸਰਕਾਰਾਂ ਪ੍ਰਤੀ ਰੋਸ ਹੈ | ਇਸ ਮੌਕੇ ਬਾਬਾ ਗੁਰਮੇਜ਼ ਸਿੰਘ ਦਾਬਾਂਵਾਲ, ਗਿਆਨੀ ਦਵਿੰਦਰ ਸਿੰਘ, ਨਿਰਮਲ ਸਿੰਘ ਦਾਬਾਂਵਾਲ, ਜਤਿੰਦਰ ਸਿੰਘ ਦਾਬਾਂਵਾਲ ਅਤੇ ਨਿਰਮਲ ਸਿੰਘ ਸਾਗਰਪੁਰ ਆਦਿ ਹਾਜ਼ਰ ਸਨ |