ਗੁਰਦਾਸਪੁਰ, 5 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਤਿੱਬੜੀ ਕੈਂਟ ਦੇ ਇਕ ਨੰਬਰ ਗੇਟ ਸਾਹਮਣੇ ਰੋਡਵੇਜ਼ ਬੱਸ ਤੇ ਦੋ ਮੋਟਰਸਾਈਕਲ ਚਾਲਕਾਂ ਦੀ ਹੋਈ ਸਿੱਧੀ ਟੱਕਰ ਦੌਰਾਨ 2 ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ | ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਸਿਪਾਹੀ ਵਰਿੰਦਰ ਸਿੰਘ ਨੇ ਸਰਕਾਰੀ ਐਂਬੂਲੈਂਸ ਮੰਗਵਾ ਕੇ ਨੌਜਵਾਨਾਂ ਨੰੂ ਸਰਕਾਰੀ ਹਸਪਤਾਲ ਗੁਰਦਾਸਪੁਰ ਪਹੁੰਚਾਇਆ, ਜਿਥੇ ਦੋਵਾਂ ਦੀ ਜ਼ੇਰੇ ਇਲਾਜ ਦੌਰਾਨ ਮੌਤ ਹੋ ਗਈ | ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ਸਬ ਇੰਸਪੈਕਟਰ ਹਰਮਿੰਦਰ ਸਿੰਘ ਥਾਣਾ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਮਿ੍ਤਕਾਂ ਦੀ ਪਹਿਚਾਣ ਸਾਜਨ (26) ਪੱੁਤਰ ਬਲਕਾਰ ਚੰਦ ਤੇ ਸੁਰਿੰਦਰ ਪਾਲ (45) ਪੁੱਤਰ ਪ੍ਰਕਾਸ਼ ਵਾਸੀ ਲੱਖੋਵਾਲ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਪਨਬੱਸ ਰੋਡਵੇਜ਼ ਬਟਾਲਾ ਨੰ: ਪੀ.ਬੀ.06.ਏ.ਟੀ 2024 ਚੰਡੀਗੜ੍ਹ ਤੋਂ ਬਟਾਲਾ ਨੰੂ ਜਾ ਰਹੀ ਸੀ ਕਿ ਜਦੋਂ ਉਹ ਤਿੱਬੜੀ ਕੈਂਟ ਦੇ ਗੇਟ ਨੰਬਰ 1 ਕੋਲ ਪਹੁੰਚੀ ਤਾਂ ਗੁਰਦਾਸਪੁਰ ਵਲੋਂ ਆ ਰਹੇ ਮੋਟਰਸਾਈਕਲ ਨੰ: ਪੀ.ਬੀ.54.ਜੀ.5340 ਨਾਲ ਸਿੱਧੀ ਟੱਕਰ ਹੋ ਗਈ | ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਬੱਸ ਦੇ ਚਾਲਕ ਵਲੋਂ ਅਣਗਹਿਲੀ ਨਾਲ ਬੱਸ ਚਲਾਉਣ ਦੇ ਦੋਸ਼ ਹੇਠ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋਵਾਂ ਮਿ੍ਤਕਾਂ ਦਾ ਸਰਕਾਰੀ ਹਸਪਤਾਲ ਗੁਰਦਾਸਪੁਰ ਤੋਂ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ | ਇਸ ਸਬੰਧੀ ਪਿੰਡ ਦੇ ਸਰਪੰਚ ਜਗਦੀਪ ਸਿੰਘ ਲੱਖੋਵਾਲ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸਾਜਨ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੈ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਜਦੋਂ ਕਿ ਸੁਰਿੰਦਰਪਾਲ ਅੰਗਹੀਣ ਅਤੇ ਸਧਾਰਨ ਪਰਿਵਾਰ ਤੋਂ ਹੋਣ ਕਰਕੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੁੰਦਾ ਸੀ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਦੋਨਾਂ ਮਿ੍ਤਕਾਂ ਦੇ ਪਰਿਵਾਰਾਂ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇ, ਜਿਸ ਨਾਲ ਪਰਿਵਾਰਾਂ ਦਾ ਗੁਜ਼ਾਰਾ ਚੱਲ ਸਕੇ |