ਕਾਦੀਆਂ, 5 ਮਈ (ਕੁਲਵਿੰਦਰ ਸਿੰਘ)-ਕਾਦੀਆਂ ਵਾਸੀ ਭਲਿੰਦਰ ਸਿੰਘ ਤੇ ਸਿਮਰਨਜੀਤ ਕੌਰ ਦੀ ਲਾਡਲੀ ਬੇਟੀ ਅਸੀਸ ਕੌਰ ਜਿਸ ਦੀ ਉਮਰ ਇਕ ਸਾਲ ਤੇ 8 ਮਹੀਨੇ ਦੇ ਕਰੀਬ ਹੈ, ਉਸ ਵਲੋਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਸ ਵਿਚ ਪਿਛਲਾ ਰਿਕਾਰਡ 25 ਐਕਸ਼ਨ ਵਰਡਸ ਦਾ ਤੋੜ ਕੇ ਨਵਾਂ ਰਿਕਾਰਡ 27 ਵਰਡਸ (ਸ਼ਬਦ) ਦਾ ਬਣਾ ਕੇ ਆਪਣਾ ਨਾਂਅ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿਚ ਦਰਜ ਕਰਵਾਇਆ ਹੈ | ਅਸੀਸ ਕੌਰ ਨੇ ਨਾ ਸਿਰਫ਼ ਆਪਣੇ ਮਾਤਾ-ਪਿਤਾ, ਸਗੋਂ ਕਾਦੀਆਂ ਸ਼ਹਿਰ ਦਾ ਵੀ ਨਾਂਅ ਵੀ ਇਸ ਰਿਕਾਰਡ ਨਾਲ ਕੌਮਾਂਤਰੀ ਪੱਧਰ 'ਤੇ ਬੁਲੰਦੀ 'ਤੇ ਪਹੁੰਚਾਇਆ ਹੈ | ਇਸ ਪ੍ਰਾਪਤੀ ਬਾਰੇ ਬੱਚੀ ਦੇ ਮਾਤਾ-ਪਿਤਾ ਭਲਿੰਦਰ ਸਿੰਘ ਤੇ ਸਿਮਰਨਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੀ ਬੱਚੀ ਨੇ ਇਸ ਪ੍ਰਤੀਯੋਗਤਾ 'ਚ ਹਿੱਸਾ ਲੈ ਕੇ 27 ਐਕਸ਼ਨ ਵਰਡਸ (ਸ਼ਬਦ) ਨਾਲ ਨਵਾਂ ਰਿਕਾਰਡ ਕਾਇਮ ਕੀਤਾ ਹੈ | ਅਸੀਸ ਕੌਰ ਦੀ ਇਸ ਪ੍ਰਾਪਤੀ ਨਾਲ ਉਨ੍ਹਾਂ ਨੂੰ ਵੀ ਅਚੰਭਾ ਹੋਇਆ ਕਿ ਬੇਟੀ ਛੋਟੀ ਉਮਰ ਵਿਚ ਹੀ ਸਾਰੇ ਐਕਸ਼ਨ ਵਧੀਆ ਢੰਗ ਨਾਲ ਕਰ ਗਈ ਹੈ | ਇਸ ਪ੍ਰਾਪਤੀ ਤੋਂ ਪਹਿਲਾਂ ਭਲਿੰਦਰ ਸਿੰਘ ਅਤੇ ਸਿਮਰਨਜੀਤ ਕੌਰ ਦੇ ਬੇਟੇ ਮੇਹਰਦੀਪ ਸਿੰਘ ਨੇ 'ਨੱਚ ਪੰਜਾਬੀ ਨੱਚ ਸੀਜ਼ਨ -2' ਜੋ ਕਿ ਸੀ.ਟੀ.ਯੂ. ਗਰੁੱਪ ਆਫ਼ ਇੰਸਟੀਟਿਊਟਸ ਜਲੰਧਰ ਵਲੋਂ ਕਰਵਾਇਆ ਗਿਆ ਸੀ, ਉਸ ਵਿਚ ਭਾਗ ਲੈ ਕੇ ਛੇ ਫੁੱਟ ਉੱਚੀ ਟਰਾਫ਼ੀ ਜਿੱਤੀ ਸੀ | ਦੋਨੋਂ ਬੱਚਿਆਂ ਦੀਆਂ ਪ੍ਰਾਪਤੀਆਂ ਆਪਣੀ ਉਮਰ ਨਾਲੋਂ ਕਿਤੇ ਵੱਡੀਆਂ ਹਨ | ਬੇਟੀ ਅਸੀਸ ਕੌਰ ਨੂੰ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਸ ਵਲੋਂ ਪ੍ਰਮਾਣ ਪੱਤਰ ਦੇ ਰੂਪ ਵਿਚ ਇਕ ਸ਼ੀਲਡ ਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ | ਦੋਨਾਂ ਬੱਚਿਆਂ ਦੀ ਪ੍ਰਾਪਤੀ 'ਤੇ ਉਸ ਦੇ ਮਾਤਾ-ਪਿਤਾ ਤੇ ਦਾਦਾ-ਦਾਦੀ ਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ |