ਬਟਾਲਾ, 5 ਮਈ (ਸਤਿੰਦਰ ਸਿੰਘ)-ਵਿਦਿਆਰਥੀਆਂ ਦੇ ਉਜਲੇ ਭਵਿੱਖ ਤੇ ਮਜ਼ਬੂਤ ਕੈਰੀਅਰ ਨਿਰਮਾਣ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਮੁਕੇਸ਼ ਵਰਮਾ ਵਲੋਂ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਅਤੇ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਵਿਸ਼ੇਸ਼ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਬੀ.ਆਰ.ਸੀ. ਪਰਮਜੀਤ ਸਿੰਘ ਵੀ ਮੌਜੂਦ ਰਹੇ | ਇਹ ਦੌਰਾ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਪ੍ਰਤੀ ਜਾਗਰੂਕ ਕਰਨ ਤੇ ਸਹੀ ਕੈਰੀਅਰ ਚੋਣ ਲਈ ਪ੍ਰੇਰਿਤ ਕਰਨ ਵੱਲ ਇਕ ਮਹੱਤਵਪੂਰਨ ਅਤੇ ਸਰਾਹਣਯੋਗ ਕਦਮ ਸਾਬਤ ਹੋਇਆ | ਜ਼ਿਲ੍ਹਾ ਗਾਈਡੈਂਸ ਕਾਉਂਸਲਰ ਮੁਕੇਸ਼ ਵਰਮਾ ਨੇ ਵਿਦਿਆਰਥੀਆਂ ਨਾਲ ਸੰਵਾਦਾਤਮਕ ਢੰਗ ਨਾਲ ਗੱਲਬਾਤ ਕਰਦਿਆਂ ਬਾਰ੍ਹਵੀਂ ਕਲਾਸ ਤੋਂ ਬਾਅਦ ਉਪਲੱਬਧ ਵੱਖ-ਵੱਖ ਕੈਰੀਅਰ ਵਿਕਲਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਮੁਕਾਬਲਾਤੀ ਪ੍ਰੀਖਿਆਵਾਂ, ਹੁਨਰ ਆਧਾਰਿਤ (ਸਕਿਲਡ) ਤੇ ਵੋਕੇਸ਼ਨਲ ਕੋਰਸਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਰੁਚੀ, ਯੋਗਤਾ ਤੇ ਮੌਜੂਦਾ ਮੁਕਾਬਲਾਤਮਕ ਮਾਹੌਲ ਦੇ ਅਨੁਸਾਰ ਸਹੀ ਫੈਸਲੇ ਲੈਣ ਲਈ ਪ੍ਰੇਰਿਤ ਕੀਤਾ | ਸ੍ਰੀ ਮੁਕੇਸ਼ ਵਰਮਾ ਨੇ ਕਿਹਾ ਕਿ ਅੱਜ ਦੇ ਮੁਕਾਬਲਾਤਮਕ ਯੁੱਗ ਵਿਚ ਕੇਵਲ ਪਰੰਪਰਾਗਤ ਸਿੱਖਿਆ ਹੀ ਨਹੀਂ, ਸਗੋਂ ਤਕਨੀਕੀ ਅਤੇ ਹੁਨਰ ਆਧਾਰਿਤ ਸਿੱਖਿਆ ਵੀ ਉਤਨੀ ਹੀ ਮਹੱਤਵਪੂਰਨ ਹੈ, ਜੇਕਰ ਵਿਦਿਆਰਥੀ ਆਪਣੀ ਰੁਚੀ ਅਤੇ ਸਮਰੱਥਾ ਨੂੰ ਪਹਿਚਾਣ ਕੇ ਸਮੇਂ ਸਿਰ ਸਹੀ ਫੈਸਲਾ ਲੈਂਦੇ ਹਨ ਤੇ ਲਗਾਤਾਰ ਮਿਹਨਤ ਕਰਦੇ ਹਨ ਤਾਂ ਸਫਲਤਾ ਜ਼ਰੂਰ ਉਨ੍ਹਾਂ ਦੇ ਕਦਮ ਚੁੰਮਦੀ ਹੈ | ਇਸ ਮੌਕੇ ਸਕੂਲ ਵਿਚ ਸਥਾਪਿਤ 'ਗਾਈਡੈਂਸ ਕਾਰਨਰ' ਦਾ ਵੀ ਨਿਰੀਖਣ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਕੈਰੀਅਰ ਅਤੇ ਭਵਿੱਖ ਨਾਲ ਸੰਬੰਧਿਤ ਕਈ ਪ੍ਰਸ਼ਨ ਪੁੱਛੇ, ਜਿਨ੍ਹਾਂ ਦਾ ਮੁਕੇਸ਼ ਵਰਮਾ ਨੇ ਸਧਾਰਣ, ਸਪੱਸ਼ਟ ਅਤੇ ਪ੍ਰੇਰਣਾਦਾਇਕ ਢੰਗ ਨਾਲ ਉੱਤਰ ਦੇ ਕੇ ਉਨ੍ਹਾਂ ਦੀ ਰਹਿਨੁਮਾਈ ਕੀਤੀ | ਇਸ ਮੌਕੇ ਪਿ੍ੰਸੀਪਲ ਪ੍ਰਭਜੋਤ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਦਿੱਤੀ ਗਈ ਮਹੱਤਵਪੂਰਨ ਜਾਣਕਾਰੀ ਨੂੰ ਆਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ | ਦੌਰੇ ਦੇ ਸਮਾਪਨ 'ਤੇ ਪਿ੍ੰਸੀਪਲ ਪ੍ਰਭਜੋਤ ਸਿੰਘ ਅਤੇ ਪਿ੍ੰਸੀਪਲ ਰਜਨੀ ਬਾਲਾ ਵਲੋਂ ਸ੍ਰੀ ਮੁਕੇਸ਼ ਵਰਮਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਕਾਉਂਸਲਰ ਸੁਰਿੰਦਰ ਸਿੰਘ, ਲੈਕਚਰਰ ਅਸ਼ੋਕ ਕੁਮਾਰ, ਯਾਦਵਿੰਦਰ ਸਿੰਘ ਆਦਿ ਮੌਜੂਦ ਸਨ |