ਪਠਾਨਕੋਟ, 5 ਮਈ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ 1 ਮਹਿਲਾ ਸਹਿਤ 6 ਵਿਅਕਤੀਆਂ ਨੂੰ 7.73 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਡਵੀਜ਼ਨ ਨੰਬਰ-2 ਦੇ ਸਬ ਇੰਸਪੈਕਟਰ ਅਰੁਣ ਕੁਮਾਰ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ, ਤਾਂ ਜਦੋਂ ਉਹ ਚਾਰ ਮਰਲਾ ਕੁਆਰਟਰ ਪਹੁੰਚੇ ਤਾਂ ਕਿਸੇ ਵਿਅਕਤੀ ਵਲੋਂ ਸੂਚਨਾ ਦਿੱਤੀ ਗਈ ਸੀ ਕਿ ਇਕ ਘਰ ਵਿਚ ਸ਼ੱਕੀ ਵਿਅਕਤੀਆਂ ਦਾ ਆਉਣਾ ਜਾਣਾ ਹੈ | ਜਿਸ 'ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ ਉਕਤ ਘਰ ਵਿਚੋਂ ਇਕ ਮਹਿਲਾ ਸਮੇਤ 6 ਲੋਕਾਂ ਨੂੰ 7.73 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ | ਇਸ ਤੋਂ ਇਲਾਵਾ ਇਨ੍ਹਾਂ ਦੋਸ਼ੀਆਂ ਪਾਸੋਂ ਤਿੰਨ ਸਿਲਵਰ ਪੇਪਰ, ਤਿੰਨ ਲਾਈਟਰ ਬਰਾਮਦ ਕੀਤੇ ਗਏ | ਦੋਸ਼ੀਆਂ ਦੀ ਪਹਿਚਾਣ ਮੁਨੀਸ਼ ਉਰਫ਼ ਨਿਸ਼ੂ ਪੁੱਤਰ ਜਸਪਾਲ ਵਾਸੀ ਚਾਰ ਮਰਲਾ ਕੁਆਰਟਰ ਪਠਾਨਕੋਟ, ਸਾਹਿਲ ਭਾਰਦਵਾਜ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਤਲਾੜਾ ਫ਼ਤਿਹਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼, ਸੋਨੰੂ ਉਰਫ਼ ਕਾਕੂ ਪੁੱਤਰ ਤਰਨਜੀਤ ਸਿੰਘ ਵਾਸੀ ਰਾਮ ਨਗਰ ਪਠਾਨਕੋਟ, ਦੀਪਕ ਕੁਮਾਰ ਉਰਫ਼ ਦੀਪੂ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਕੁਟਾਹਲ ਥਾਣਾ ਫ਼ਤਿਹਪੁਰ ਜ਼ਿਲ੍ਹਾ ਕਾਂਗੜਾ, ਵਿਸ਼ਾਲ ਸ਼ਰਮਾ ਪੁੱਤਰ ਸੁਦਰਸ਼ਨ ਕੁਮਾਰ ਵਾਸੀ ਪਿੰਡ ਸਰਕਾਰੀ ਥਾਣਾ ਜ਼ਿਲ੍ਹਾ ਕਾਂਗੜਾ, ਜੋਤੀ ਪਤਨੀ ਸੰਦੀਪ ਧੀਮਾਨ ਵਾਸੀ ਪਿੰਡ ਬਲੋਟ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ | ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-2 ਪਠਾਨਕੋਟ ਵਿਚ ਐਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |