ਪਠਾਨਕੋਟ, 5 ਮਈ (ਸੰਧੂ)-ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਨੂੰ ਮਜ਼ਬੂਤ ਬਣਾਉਣ ਲਈ ਸ਼ੁਰੂ ਕੀਤਾ ਗਿਆ 'ਮਿਸ਼ਨ ਸਮਰੱਥ 4.0' ਜ਼ਮੀਨੀ ਪੱਧਰ 'ਤੇ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ | ਇਸ ਤਹਿਤ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਵਲੋਂ ਸਕੂਲਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ | ਇਸ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਕਮਲਦੀਪ ਕੌਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੁਕਾਲਗੜ੍ਹ, ਸਰਕਾਰੀ ਮਿਡਲ ਸਕੂਲ ਸੁਕਾਲਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਸ਼ੈਲੀ ਕੁਲੀਆਂ ਤੇ ਸਰਕਾਰੀ ਹਾਈ ਸਕੂਲ ਸ਼ੈਲੀ ਕੁਲੀਆਂ ਦਾ ਵਿਸ਼ੇਸ਼ ਦੌਰਾ ਕੀਤਾ ਗਿਆ | ਦੌਰੇ ਦੌਰਾਨ ਕਮਲਦੀਪ ਕੌਰ ਨੇ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦਾ ਨਿਰੀਖਣ ਕੀਤਾ ਤੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀ ਪਾਠ ਸਮਝ ਤੇ ਸਿੱਖਣ ਦੇ ਪੱਧਰ ਦੀ ਜਾਂਚ ਕੀਤੀ | ਉਨ੍ਹਾਂ ਖ਼ਾਸ ਤੌਰ 'ਤੇ ਜਮਾਤ ਤੀਜੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ 'ਤੇ ਧਿਆਨ ਕੇਂਦਰਿਤ ਕੀਤਾ, ਕਿਉਂਕਿ ਮਿਸ਼ਨ ਸਮਰੱਥ 4.0 ਦਾ ਮੁੱਖ ਉਦੇਸ਼ ਬੁਨਿਆਦੀ ਸਿੱਖਿਆ ਨੂੰ ਮਜ਼ਬੂਤ ਕਰਨਾ ਹੈ | ਇਸ ਮੌਕੇ ਉਨ੍ਹਾਂ ਵਲੋਂ ਅਧਿਆਪਕਾਂ ਨਾਲ ਵੀ ਵਿਸਥਾਰ ਵਿਚ ਗੱਲਬਾਤ ਕੀਤੀ ਗਈ | ਉਨ੍ਹਾਂ ਅਧਿਆਪਕਾਂ ਨੂੰ ਆਧੁਨਿਕ ਸਿੱਖਣ-ਸਿਖਾਉਣ ਦੇ ਢੰਗ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਹਰ ਵਿਦਿਆਰਥੀ ਦੀ ਲੋੜ ਮੁਤਾਬਿਕ ਪੜ੍ਹਾਉਣ ਦੀ ਰਣਨੀਤੀ ਬਣਾਈ ਜਾਵੇ | ਟੀਚਿੰਗ ਲਰਨਿੰਗ ਮਟੀਰੀਅਲ ਦੀ ਵਰਤੋਂ, ਸਮਾਰਟ ਕਲਾਸਾਂ ਅਤੇ ਕਲਾਸਰੂਮ ਦੇ ਸਿੱਖਿਅਕ ਮਾਹੌਲ ਦਾ ਵੀ ਧਿਆਨ ਨਾਲ ਜਾਇਜ਼ਾ ਲਿਆ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਕੂਲ ਦੇ ਰਿਕਾਰਡ, ਹਾਜ਼ਰੀ ਰਜਿਸਟਰ ਤੇ ਬੇਸਲਾਈਨ ਤੇ ਮਾਸਿਕ ਟੈਸਟਾਂ ਦੇ ਨਤੀਜਿਆਂ ਦੀ ਵੀ ਜਾਂਚ ਕੀਤੀ ਗਈ | ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਦੀ ਪ੍ਰਗਤੀ ਨੂੰ ਨਿਰੰਤਰ ਟਰੈਕ ਕੀਤਾ ਜਾਵੇ ਤੇ ਜਿੱਥੇ ਕਮੀ ਹੋਵੇ, ਉੱਥੇ ਤੁਰੰਤ ਸੁਧਾਰ ਲਈ ਕਦਮ ਚੁੱਕੇ ਜਾਣ | ਮਿਸ਼ਨ ਸਮਰੱਥ 4.0 ਦੇ ਤਹਿਤ ਲਾਗੂ ਕੀਤੀ ਗਈ ਡਿਜੀਟਲ ਹਾਜ਼ਰੀ ਪ੍ਰਣਾਲੀ ਬਾਰੇ ਵੀ ਜਾਣਕਾਰੀ ਲਈ ਗਈ | ਇਸ ਪ੍ਰਣਾਲੀ ਰਾਹੀਂ ਵਿਦਿਆਰਥੀਆਂ ਦੀ ਰੋਜ਼ਾਨਾ ਹਾਜ਼ਰੀ ਨੂੰ ਆਨਲਾਈਨ ਦਰਜ ਕੀਤਾ ਜਾ ਰਿਹਾ ਹੈ | ਜਿਸ ਨਾਲ ਗ਼ੈਰਹਾਜ਼ਰ ਵਿਦਿਆਰਥੀਆਂ 'ਤੇ ਤੁਰੰਤ ਧਿਆਨ ਦਿੱਤਾ ਜਾ ਸਕਦਾ ਹੈ ਤੇ ਸਕੂਲ ਛੱਡਣ ਦੀ ਪ੍ਰਵਿਰਤੀ ਨੂੰ ਘਟਾਇਆ ਜਾ ਰਿਹਾ ਹੈ | ਕਮਲਦੀਪ ਕੌਰ ਨੇ ਕਿਹਾ ਕਿ ਮਿਸ਼ਨ ਸਮਰੱਥ 4.0 ਸਿੱਖਿਆ ਖੇਤਰ ਵਿਚ ਇਕ ਬਦਲਾਅਕਾਰੀ ਕਦਮ ਹੈ | ਜਿਸ ਨਾਲ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਆ ਰਿਹਾ ਹੈ |