ਬਟਾਲਾ, 6 ਮਈ (ਰਾਕੇਸ਼ ਰੇਖੀ)-ਦਿਨੋ-ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਪਰਾਲੀ ਨੂੰ ਅੱਗ ਲਗਾਉਣ 'ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਕੁਝ ਕਿਸਾਨਾਂ ਵਲੋਂ ਅੱਗ ਲਗਾਈ ਜਾ ਰਹੀ ਹੈ | ਪੁਲਿਸ ਨੇ ਇਸ ਸੰਬੰਧ ਵਿਚ ਤਿੰਨ ਕਿਸਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਥਾਣਾ ਡੇਰਾ ਬਾਬਾ ਨਾਨਕ ਦੇ ਏ.ਐਸ.ਆਈ. ਰਾਜਬੀਰ ਸਿੰਘ ਨੇ ਦੱਸਿਆ ਕਿ ਬਲਾਕ ਡੇਰਾ ਬਾਬਾ ਨਾਨਕ ਦੇ ਰਹਿੰਦ-ਖੂੰਹਦ ਸਾੜਨ ਨੂੰ ਰੋਕਣ ਲਈ ਨਿਯੁਕਤ ਕੀਤੇ ਗਏ ਅਧਿਕਾਰੀ ਗਗਨਦੀਪ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੇ ਸੈਟੇਲਾਈਟ ਰਾਹੀਂ ਲੋਕੇਸ਼ਨ ਲੱਭੀ ਕਿ ਪਿੰਡ ਸ਼ਾਹਪੁਰ ਜ਼ਾਜਨ ਦੇ ਖੇਤਾਂ 'ਚ ਅੱਗ ਲਗਾਈ ਗਈ ਹੈ | ਇਸ ਤੋਂ ਬਾਅਦ ਪ੍ਰਾਪਤ ਕੀਤੀ ਗਈ ਜਾਣਕਾਰੀ ਵਿਚ ਸਾਹਮਣੇ ਆਇਆ ਕਿ ਸ਼ਾਹਪੁਰ ਜਾਜਨ ਦੇ ਕਿਸਾਨ ਨਰਿੰਦਰ ਸਿੰਘ ਪੁੱਤਰ ਇੰਦਰ ਸਿੰਘ ਵਲੋਂ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਈ ਗਈ ਸੀ, ਜਿਸ 'ਤੇ ਨਰਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਦਰ ਦੇ ਏ.ਐਸ.ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਲੱਸਟਰ ਅਧਿਕਾਰੀ ਕੁਲਵਿੰਦਰ ਸਿੰਘ ਬਟਾਲਾ ਬਲਾਕ ਵਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਕਿ ਪਿੰਡ ਨਠਵਾਲ ਦੇ ਕਿਸਾਨ ਹਰਨਿੰਦਰ ਸਿੰਘ ਵਲੋਂ ਡੀ.ਸੀ. ਗੁਰਦਾਸਪੁਰ ਵਲੋਂ ਪਰਾਲੀ ਨੂੰ ਅੱਗ ਨਾ ਲਗਾਏ ਜਾਣ ਦੇ ਹੁਕਮਾਂ ਦੀ ਉਲੰਘਣਾ ਕਰਕੇ ਅੱਗ ਲਗਾਈ ਗਈ ਹੈ, ਜਿਸ 'ਤੇ ਕਿਸਾਨ ਹਰਨਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਸਦਰ ਦੇ ਹੀ ਏ.ਐਸ.ਆਈ. ਵਰਿਆਮ ਸਿੰਘ ਨੇ ਦੱਸਿਆ ਕਿ ਕਲੱਸਟਰ ਅਧਿਕਾਰੀ ਕੁਲਵਿੰਦਰ ਸਿੰਘ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਪਿੰਡ ਨਠਵਾਲ ਦੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਤੇ ਵਿਭਾਗੀ ਅਧਿਕਾਰੀ ਅਵਤਾਰ ਸਿੰਘ ਨੇ ਮੌਕੇ 'ਤੇ ਜਾਇਜ਼ਾ ਲਿਆ ਤੇ ਸਾਹਮਣੇ ਆਇਆ ਕਿ ਕਿਸਾਨ ਤੀਰਥ ਸਿੰਘ ਵਲੋਂ ਪਰਾਲੀ ਨੂੰ ਅੱਗ ਲਗਾਈ ਗਈ ਸੀ, ਜਿਸ 'ਤੇ ਤੀਰਥ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |