ਡੇਰਾ ਬਾਬਾ ਨਾਨਕ, 6 ਮਈ (ਹੀਰਾ ਸਿੰਘ ਮਾਂਗਟ)-ਅੱਜ ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਐਸੋਸੀਏਸਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨਾਲ ਕੀਤੀ ਗਈ, ਜਿਸ 'ਚ ਜਥੇਬੰਦੀ ਦੀਆਂ ਅਹਿਮ ਮੰਗਾਂ ਸੰਬੰਧੀ ਵਿਸਥਾਰਤ ਚਰਚਾ ਹੋਈ | ਇਸ ਸਬੰਧੀ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਨੇ ਦੱਸਿਆ ਕਿ ਸਕੱਤਰ ਸਿੱਖਿਆ ਵਿਭਾਗ ਵਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਸੁਪਰਡੈਂਟ ਦੀਆਂ ਤਰੱਕੀਆਂ ਇਕ ਹਫਤੇ ਦੇ ਅੰਦਰ ਹੋ ਜਾਣਗੀਆਂ | ਉਨ੍ਹਾਂ ਦੱਸਿਆ ਕਿ 2 ਸੁਪਰਡੈਂਟਾਂ ਦੀਆਂ ਤਰੱਕੀਆਂ ਹੋ ਰਹੀਆਂ ਹੈ, ਜਿਸ ਵਿਚ ਇਕ ਬਾਰਡਰ ਤੇ ਇਕ ਨਾਨ ਬਾਰਡਰ ਏਰੀਆ ਵਿਚ ਤਰੱਕੀ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸੁਪਰਡੈਂਟ ਦਾ ਤਜਰਬਾ ਘਟਾਉਣ ਲਈ ਤਜਵੀਜ਼ ਵੀ ਪ੍ਰਸੋਨਲ ਵਿਭਾਗ ਨੂੰ ਭੇਜੀ ਗਈ ਹੈ, ਜਿਸ ਦੀ ਪ੍ਰਵਾਨਗੀ ਉਪਰੰਤ ਹੋਰ ਵੀ ਕਰਮਚਾਰੀਆਂ ਦੀ ਸੁਪਰਡੈਂਟ ਵਜੋਂ ਤਰੱਕੀ ਹੋਵੇਗੀ | ਉਨ੍ਹਾਂ ਕਿਹਾ ਕਿ 8 ਮਈ ਤੱਕ ਜੋ ਸੀਨੀਅਰ ਸਹਾਇਕ ਹਾਜ਼ਰ ਨਹੀਂ ਹੋਣਗੇ, ਉਨ੍ਹਾਂ ਦਾ ਡਾਟਾ 20 ਮਈ ਤੱਕ ਇਕੱਠਾ ਕਰ ਕੇ ਡੀ.ਬਾਰ. ਕਰ ਕੇ ਤੁਰੰਤ ਅਗਲੇ ਕਰਮਚਾਰੀਆਂ ਦੇ ਕੇਸ ਸੀਨੀਅਰ ਸਹਾਇਕ ਦੀ ਤਰੱਕੀ ਲਈ ਵਿਚਾਰੇ ਜਾਣਗੇ | ਇਸ ਮੌਕੇ ਮੀਟਿੰਗ ਲਈ ਪੰਜ ਮੈਂਬਰੀ ਕਮੇਟੀ ਵਿਚ ਉਂਕਾਰ ਸਿੰਘ ਕਪੂਰਥਲਾ, ਰਾਜਦੀਪਕ ਗੁਪਤਾ ਪਠਾਨਕੋਟ, ਗੁਰਸ਼ਰਨ ਸਿੰਘ ਪਟਿਆਲਾ, ਵਰਿੰਦਰ ਸਰਮਾ ਰੋਪੜ, ਨਿਸ਼ਾਨ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ |