ਲੁਧਿਆਣਾ, 6 ਮਈ (ਭੁਪਿੰਦਰ ਸਿੰਘ ਬੈਂਸ)-ਜੀ. ਐੱਮ. ਟੀ. ਪਬਲਿਕ ਸਕੂਲ, ਨਜ਼ਦੀਕ ਜਲੰਧਰ ਬਾਈਪਾਸ ਵਿਖੇ ਸਕੂਲ ਕੰਪਲੈਕਸ 'ਚ ਅਕਾਦਮਿਕ ਸੈਸ਼ਨ (2026-2027) ਲਈ ਅਹੁਦਾ ਸੰਭਾਲ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਪਿ੍ੰਸੀਪਲ ਜਸਬੀਰ ਕੌਰ ਬਲ ਦੀ ਨਿਗਰਾਨੀ ਹੇਠ ਹੋਈ | ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ ਅਤੇ ਨਵੀਂ ਚੁਣੀ ਗਈ ਵਿਦਿਆਰਥੀ ਕੌਂਸਲ ਦਾ ਸਵਾਗਤ ਬੈਂਡ ਦੀਆਂ ਧੁਨਾਂ ਦੇ ਨਾਲ ਮਾਰਚ ਪਾਸਟ ਰਾਹੀਂ ਕੀਤਾ ਗਿਆ | ਹਰੇਕ ਸਦਨ (ਹਾਊਸ) ਵਿਚੋਂ ਕੈਪਟਨ, ਵਾਈਸ ਕੈਪਟਨ ਅਤੇ ਪ੍ਰੀਫੈਕਟਸ ਦੀ ਚੋਣ ਅਹੁਦੇਦਾਰਾਂ ਵਜੋਂ ਕੀਤੀ ਗਈ, ਜਿਸ ਵਿਚ ਮੁੱਖ ਤੌਰ 'ਤੇ ਜੈਦੀਪ ਸਿੰਘ (ਨਾਨ-ਮੈਡੀਕਲ) ਨੂੰ ਹੈੱਡ ਬੁਆਏ ਅਤੇ ਖੁਸ਼ੀ (ਨਾਨ-ਮੈਡੀਕਲ) ਨੂੰ ਹੈਡ ਗਰਲ ਚੁਣਿਆ ਗਿਆ | ਇਸ ਤੋਂ ਇਲਾਵਾ ਜਸ਼ਨਪ੍ਰੀਤ ਨੂੰ ਸਕੂਲ ਕੈਪਟਨ, ਦਿਲਸ਼ੀਨ ਨੂੰ ਵਾਈਸ ਕੈਪਟਨ, ਏਕਮ ਨੂੰ ਪ੍ਰੀਫੈਕਟ ਇੰਚਾਰਜ, ਗੋਰਿਕਾ ਨੂੰ ਅਨੁਸ਼ਾਸਨ ਇੰਚਾਰਜ ਅਤੇ ਅਰਸ਼ਨੂਰ ਨੂੰ ਸਪੋਰਟਸ ਕੈਪਟਨ ਨਿਯੁਕਤ ਕੀਤਾ ਗਿਆ | ਹਾਊਸ ਪ੍ਰਣਾਲੀ ਦੀ ਕਮਾਨ ਸੰਭਾਲਦਿਆਂ ਗੌਰਵ ਨੂੰ ਯਮੁਨਾ ਹਾਊਸ, ਨਿਖਿਲ ਜੈਨ ਨੂੰ ਗੰਗਾ ਹਾਊਸ, ਯਾਸ਼ਿਕਾ ਨੂੰ ਸਤਲੁਜ ਹਾਊਸ ਅਤੇ ਜੀਆ ਨੂੰ ਰਾਵੀ ਹਾਊਸ ਦਾ ਮੁਖੀ ਬਣਾਇਆ ਗਿਆ | ਨਵੇਂ ਚੁਣੇ ਗਏ ਮੈਂਬਰਾਂ ਨੂੰ ਬੈਜ ਅਤੇ ਸੈਸ਼ੇ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਜਸਬੀਰ ਕੌਰ ਬਲ ਨੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਅਤੇ ਭਵਿੱਖ ਵਿਚ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ |