ਡਾ . ਨੀਨਾ ਸਿੰਗਲਾ ਨੇ ਪੀ . ਏ . ਯੂ . ਦੇ ਡੀਨ ਬੇਸਿਕ ਸਾਇੰਸਜ਼ ਕਾਲਜ ਦੀ ਜ਼ਿੰਮੇਵਾਰੀ ਸੰਭਾਲੀ
ਲੁਧਿਆਣਾ, 17 ਨਵੰਬਰ (ਜਸਵਿੰਦਰ ਸਿੰਘ)- ਡਾ. ਨੀਨਾ ਸਿੰਗਲਾ ਬੀਤੇ ਦਿਨੀਂ ਪੀ.
ਲੁਧਿਆਣਾ, 17 ਨਵੰਬਰ (ਜਸਵਿੰਦਰ ਸਿੰਘ)- ਡਾ. ਨੀਨਾ ਸਿੰਗਲਾ ਬੀਤੇ ਦਿਨੀਂ ਪੀ. ਏ. ਯੂ. ਦੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਨਿਯੁਕਤ ਹੋਏ| ਇਸੇ ਯੂਨੀਵਰਸਿਟੀ ਤੋਂ ਆਪਣੀ ਸਿੱਖਿਆ ਮੁਕੰਮਲ ਕਰਨ ਵਾਲੇ ਡਾ. ਨੀਨਾ ਸਿੰਗਲਾ ਕੋਲ 26 ਸਾਲ ਤੋਂ ਵਧੇਰੇ ਵਕਫੇ ਤੱਕ ਅਧਿਆਪਨ, ਖੋਜ, ਪਸਾਰ ਅਤੇ ਪ੍ਰਸ਼ਾਸਕੀ ਕਾਰਜਾਂ ਦਾ ਤਜਰਬਾ ਹੈ| ਸੰਨ 2000 ਵਿੱਚ ਸਹਾਇਕ ਜੀਵ ਵਿਗਿਆਨੀ ਵਜੋਂ ਆਪਣਾ ਕਾਰਜ ਸ਼ੁਰੂ ਕਰਨ ਵਾਲੇ ਡਾ. ਨੀਨਾ ਸਿੰਗਲਾ 2015 ਵਿੱਚ ਪ੍ਰਮੁੱਖ ਵਿਗਿਆਨੀ ਬਣੇ| ਉਹਨਾਂ ਨੇ ਜੁਆਲੋਜੀ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਅਕਾਦਮਿਕ ਕੌਂਸਲ ਦੇ ਮੈਂਬਰ ਅਤੇ ਬੇਸਿਕ ਸਾਇੰਸਜ਼ ਕਾਲਜ ਦੇ ਖੋਜ ਕੁਆਰਡੀਨੇਟਰ ਦੀ ਸੇਵਾ ਵੀ ਨਿਭਾਈ| ਚੂਹਿਆਂ ਦੀ ਰੋਕਥਾਮ ਬਾਰੇ ਸਰਵ ਭਾਰਤੀ ਨੈੱਟਵਰਕ ਪ੍ਰੋਜੈਕਟ ਦੇ ਮੁਖੀ ਵਜੋਂ ਉਹਨਾਂ ਦਾ ਕਾਰਜ ਸ਼ਲਾਘਾਯੋਗ ਰਿਹਾ| ਡਾ. ਨੀਨਾ ਸਿੰਗਲਾ ਦੀ ਮੁਹਾਰਤ ਦਾ ਖੇਤਰ ਫਸਲਾਂ ਦੇ ਨੁਕਸਾਨ ਦੀ ਰੋਕਥਾਮ ਲਈ ਚੂਹਿਆਂ ਉੱਪਰ ਕਾਬੂ ਪਾਉਣ ਦਾ ਰਿਹਾ| ਅਕਾਦਮਿਕ ਪੱਖ ਤੋਂ ਉਹਨਾਂ ਨੇ 151 ਖੋਜ ਪੱਤਰ, ਕਿਤਾਬਾਂ ਦੇ 20 ਅਧਿਆਇ, 12 ਖੋਜ ਕਿਤਾਬਚੇ ਲਿਖੇ| ਚੂਹਿਆਂ ਦੀ ਰੋਕਥਾਮ ਲਈ ਵਾਤਾਵਰਨ ਪੱਖੀ ਅਬਾਦੀਰੋਧਕ ਖੁਰਾਕ ਤਿਆਰ ਕਰਨ ਬਦਲੇ ਉਹਨਾਂ ਨੂੰ ਪੇਟੈਂਟ ਵੀ ਪ੍ਰਦਾਨ ਕੀਤਾ ਗਿਆ| 36 ਵਿਦਿਆਰਥੀਆਂ ਨੇ ਉਹਨਾਂ ਦੀ ਅਗਵਾਈ ਵਿਚ ਐੱਮ. ਐੱਸ. ਸੀ. ਤੇ ਪੀ. ਐੱਚ. ਡੀ. ਵਿਦਿਆਰਥੀਆਂ ਨੇ ਆਪਣੀ ਸਿੱਖਿਆ ਮੁਕੰਮਲ ਕੀਤੀ| ਡਾ. ਨੀਨਾ ਸਿੰਗਲਾ ਨੇ ਪਿੰਡ ਪੱਧਰ ਦੇ 60 ਕੈਂਪ ਆਯੋਜਿਤ ਕਰਕੇ ਚੂਹਿਆਂ ਦੀ ਰੋਕਥਾਮ ਬਾਰੇ ਜਾਗਰੂਕਤਾ ਫੈਲਾਈ| ਉਹਨਾਂ ਦੇ ਨਾਂ ਹੇਠ 80 ਪਸਾਰ ਲੇਖ ਛਪੇ| 39 ਵਾਰ ਉਹ ਟੀ ਵੀ ਰੇਡੀਓ ਅਤੇ ਫੇਸਬੁੱਕ ਲਾਈਵ ਉੱਪਰ ਕਿਸਾਨਾਂ ਨੂੰ ਮੁਤਾਖਿਬ ਹੋਏ| ਉਹਨਾਂ ਨੇ ਮਾਹਿਰ ਦੇ ਤੌਰ ਤੇ ਆਸਟੇਰਲੀਆ, ਨਿਊਜ਼ੀਲੈਂਡ, ਵੀਅਤਨਾਮ, ਚੀਨ, ਜਰਮਨੀ, ਤਨਜ਼ਾਨੀਆਂ, ਥਾਈਲੈਂਡ ਅਤੇ ਨੇਪਾਲ ਦਾ ਦੌਰਾ ਕੀਤਾ ਅਤੇ 14 ਪੇਪਰ ਪੇਸ਼ ਕਰਕੇ ਸਰਵੋਤਮ ਇਨਾਮ ਜਿੱਤਿਆ| ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਨਿਯੁਕਤੀ ਲਈ ਡਾ. ਨੀਨਾ ਸਿੰਗਲਾ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹਨਾ ਦੀ ਅਗਵਾਈ ਹੇਠ ਕਾਲਜ ਨਵੀਆਂ ਬੁਲੰਦੀਆਂ ਛੂਹੇਗਾ|