ਪਠਾਨਕੋਟ, 9 ਮਈ (ਸੁਮਿਤ)-ਤੰਦਰੁਸਤ ਜੀਵਨ ਲਈ ਨਿਯਮਿਤ ਕਸਰਤ ਅਤੇ ਸਵੇਰੇ ਦੀ ਸੈਰ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ | ਸਵੇਰੇ ਦੇ ਸਮੇਂ ਵਾਤਾਵਰਨ ਸ਼ੁੱਧਅਤੇ ਤਾਜ਼ਾ ਹੁੰਦਾ ਹੈ ਜੋ ਸਰੀਰ ਅਤੇ ਮਨ ਦੋਵਾਂ ਲਈ ਲਾਭਦਾਇਕ ਹੁੰਦਾ ਹੈ | ਇਹ ਵਿਚਾਰ ਯੋਗ ਪ੍ਰਸ਼ਿਕਸ਼ਕ ਖਜਾਨ ਸਿੰਘ ਨੇ ਪ੍ਰਗਟ ਕੀਤੇ | ਖਜਾਨ ਸਿੰਘ ਨੇ ਕਿਹਾ ਕਿ ਰੋਜ਼ਾਨਾ ਸਵੇਰੇ ਦੀ ਸੈਰ ਅਤੇ ਯੋਗ ਕਰਨ ਨਾਲ ਸਰੀਰ ਵਿਚ ਖ਼ੂਨ ਦਾ ਸੰਚਾਰ ਬਿਹਤਰ ਹੁੰਦਾ ਹੈ, ਜਿਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਵੇਰੇ ਦੀ ਠੰਡੀ ਹਵਾ ਵਿਚ ਟਹਿਲਣ ਨਾਲ ਸਾਰਾ ਦਿਨ ਊਰਜਾ ਬਣੀ ਰਹਿੰਦੀ ਹੈ ਅਤੇ ਕੰਮ ਕਰਨ ਦੀ ਸਮਰੱਥਾ ਵਧਦੀ ਹੈ | ਇਸ ਤੋਂ ਇਲਾਵਾ ਇਹ ਵਜ਼ਨ ਨੂੰ ਨਿਯੰਤਰਿਤ ਰੱਖਣ ਵਿਚ ਵੀ ਮਦਦਗਾਰ ਹੈ, ਇਸ ਲਈ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਰੋਜ਼ਾਨਾ ਜੀਵਨ ਵਿਚ ਸਵੇਰੇ ਦੀ ਸੈਰ ਤੇ ਨਿਯਮਿਤ ਕਸਰਤ ਨੂੰ ਸ਼ਾਮਿਲ ਕਰੇ | ਉਨ੍ਹਾਂ ਲੋਕਾਂ ਨੂੰ ਯੋਗ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ, ਤਣਾਅ ਪ੍ਰਬੰਧਨ ਅਤੇ ਰੋਜ਼ਾਨਾ ਸਿਹਤ ਸਬੰਧੀ ਜਾਗਰੂਕਤਾ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਸੀ.ਐੱਮ ਦੀ ਯੋਗਸ਼ਾਲਾ ਪਹਿਲ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਗਈ ਹੈ, ਸਮਾਜ ਨੂੰ ਤੰਦਰੁਸਤ ਅਤੇ ਜਾਗਰੂਕ ਬਣਾਉਣ ਵੱਲ ਸ਼ਲਾਘਾਯੋਗ ਕਦਮ ਹੈ | ਲੋਕ ਯੋਗ ਪ੍ਰਤੀ ਜਾਗਰੂਕ ਹੋ ਰਹੇ ਹਨ | ਖਜਾਨ ਸਿੰਘ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਯੋਗ ਕੇਂਦਰ ਨਾਲ ਜੁੜ ਕੇ ਨਿਯਮਿਤ ਯੋਗ ਕਰਨ |