ਬਟਾਲਾ, 12 ਮਈ (ਸਤਿੰਦਰ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਗੁਰਦਾਸਪੁਰ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਣਯੋਗ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਬਟਾਲਾ, ਨਗਰ ਕੌਂਸਲ ਧਾਰੀਵਾਲ, ਸ਼੍ਰੀ ਹਰਗੋਬਿੰਦਪੁਰ ਸਾਹਿਬ ਅਤੇ ਫਤਹਿਗੜ੍ਹ ਚੂੜੀਆਂ ਵਿਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਅੱਗੇ ਦੱਸਿਆ ਕਿ ਚੋਣਾਂ ਦੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਦੁਆਰਾ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਮਿਆਦ ਅੱਜ 13 ਮਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਿਰਧਾਰਿਤ ਸੰਬੰਧਿਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ 'ਚ ਸ਼ੁਰੂ ਹੋਵੇਗੀ | ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਮਿਤੀ 16 ਮਈ ਹੈ | ਨਾਮਜ਼ਦਗੀਆਂ ਪੱਤਰਾਂ ਦੀ ਜਾਂਚ 18 ਮਈ ਨੂੰ ਹੋਵੇਗੀ ਤੇ ਵਾਪਸ ਲੈਣ ਦੀ ਆਖਰੀ ਮਿਤੀ 19 ਮਈ ਦੁਪਹਿਰ 3 ਵਜੇ ਤੱਕ ਹੈ | ਉਨ੍ਹਾਂ ਅੱਗੇ ਦੱਸਿਆ ਕਿ ਪੋਲਿੰਗ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ ਤੇ ਵੋਟਾਂ ਦੀ ਗਿਣਤੀ 29 ਮਈ ਨੂੰ ਸਥਾਪਿਤ ਗਿਣਤੀ ਕੇਂਦਰਾਂ 'ਤੇ ਕੀਤੀ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਨਗਰ ਨਿਗਮ ਬਟਾਲਾ ਦੇ ਵੋਟਾਂ ਦੀ ਗਿਣਤੀ 118422 ਹੈ, ਜਿਨ੍ਹਾਂ ਵਿਚ 63549 ਪੁਰਸ਼ ਤੇ 54873 ਔਰਤਾਂ ਹਨ | ਨਗਰ ਨਿਗਮ ਬਟਾਲਾ ਵਿਖੇ ਕੁੱਲ 50 ਵਾਰਡ ਤੇ 122 ਪੋਲਿੰਗ ਬੂਥ ਹਨ | ਇਸੇ ਤਰ੍ਹਾਂ ਨਗਰ ਕੌਂਸਲ ਧਾਰੀਵਾਲ ਦੇ ਵੋਟਾਂ ਦੀ ਗਿਣਤੀ 12473 ਹੈ, ਜਿਨ੍ਹਾਂ ਵਿਚ 6499 ਪੁਰਸ਼ ਤੇ 5974 ਔਰਤਾਂ ਹਨ | ਇਥੇ 13 ਵਾਰਡ ਅਤੇ 14 ਪੋਲਿੰਗ ਬੂਥ ਹਨ | ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਕੁੱਲ ਵੋਟਰ 7041 ਹੈ, ਜਿਨ੍ਹਾਂ ਵਿਚ 3657 ਪੁਰਸ਼ ਤੇ 3384 ਔਰਤਾਂ ਹਨ | ਇਥੇ 11 ਵਾਰਡ ਅਤੇ 11 ਪੋਲਿੰਗ ਬੂਥ ਹਨ | ਇਸੇ ਤਰ੍ਹਾਂ ਨਗਰ ਕੌਂਸਲ ਫਤਹਿਗੜ੍ਹ ਚੂੜੀਆਂ ਦੇ ਵੋਟਰ 14821 ਹੈ, ਜਿਨ੍ਹਾਂ ਵਿਚ 7533 ਪੁਰਸ਼ ਤੇ 7288 ਔਰਤਾਂ ਹਨ | ਇਥੇ ਕੱੁਲ 13 ਵਾਰਡ ਅਤੇ ਪੋਲਿੰਗ ਬੂਥ 17 ਹਨ | ਉਨ੍ਹਾਂ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਅਦਿੱਤਿਆ ਉੱਪਲ ਦੀ ਅਗਵਾਈ ਵਿਚ ਚੋਣਾਂ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਵਕ ਢੰਗ ਨਾਲ ਯਕੀਨੀ ਬਣਾਉਣ ਲਈ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ |