ਨੌਸ਼ਹਿਰਾ ਮੱਝਾ ਸਿੰਘ, 12 ਮਈ (ਰਵੀ ਭਗਤ)-ਸ਼ਹਿਰ ਰੂਪੀ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਏ.ਟੀ.ਐਮ. 'ਚ ਪੈਸੇ ਨਾ ਹੋਣ ਕਾਰਨ ਗ੍ਰਾਹਕ ਡਾਢੇ ਪ੍ਰੇਸ਼ਾਨ ਹਨ | ਕਿਸਾਨ ਆਗੂ ਗੁਰਪ੍ਰੀਤ ਸਿੰਘ ਅਠਵਾਲ, ਸੁਖਦੇਵ ਸਿੰਘ ਛੀਨਾ, ਹਰਪਾਲ ਸਿੰਘ ਵਿਰਕ, ਰਾਕੇਸ਼ ਸੁਚੇਤਗੜ੍ਹ, ਸੋਨੂੰ ਕਲੇਰ ਆਦਿ ਖ਼ਪਤਕਾਰਾਂ ਨੇ ਕਿਹਾ ਕਿ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਵੱਖ-ਵੱਖ ਅਦਾਰਿਆਂ ਦੇ 4 ਬੈਂਕ ਸਥਾਪਿਤ ਹਨ, ਜਿਨ੍ਹਾਂ 'ਚੋਂ 2 ਬੈਂਕਾਂ ਦੇ ਏ.ਟੀ.ਐਮ. ਪਿਛਲੇ ਕਈ ਮਹੀਨੀਆਂ ਤੋਂ ਲਗਾਤਾਰ ਬੰਦ ਚਲੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਕੂਲ ਦੇ ਦਾਖਲੇ ਦੀਆਂ ਫ਼ੀਸਾਂ ਤੇ ਹੋਰ ਕੰਮਕਾਜ ਸਬੰਧੀ ਲੋੜਾਂ ਲਈ ਪੈਸਿਆਂ ਦੀ ਅਹਿਮ ਜ਼ਰੂਰਤ ਹੁੰਦੀ ਹੈ, ਪਰ ਕਸਬੇ ਵਿਚ ਏ.ਟੀ.ਐੱਮ. ਦੀ ਘਾਟ ਅਤੇ ਸਥਾਪਿਤ ਕੀਤੇ ਗਏ ਏ.ਟੀ.ਐੱਮ. ਵਿਚ ਪੈਸੇ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬੈਂਕ ਅਧਿਕਾਰੀਆਂ ਦਾ ਇਸ ਪਾਸੇ ਧਿਆਨ ਨਾ ਹੋਣ ਕਾਰਨ ਲੋਕਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਏ.ਟੀ.ਐੱਮ. ਮੈਨਟੇਨਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਸਥਾਨਕ ਕਸਬੇ ਵਿਖੇ ਏ.ਟੀ.ਐੱਮ. ਸੁਚਾਰੂ ਰੂਪ ਵਿਚ ਚਲਾ ਕੇ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਦਿੱਤੀ ਜਾਵੇ | ਲੰਭੇ ਸਮੇਂ ਤੋਂ ਬੰਦ ਪਏ ਏ.ਟੀ.ਐੱਮ. ਸਬੰਧੀ ਜਦੋਂ ਪੰਜਾਬ ਐਂਡ ਸਿੰਧ ਬੈਂਕ ਨੌਸ਼ਹਿਰਾ ਮੱਝਾ ਸਿੰਘ ਦੇ ਬ੍ਰਾਂਚ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਹ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕੇ |