ਗੁਰਦਾਸਪੁਰ, 12 ਮਈ (ਅਸ਼ੋਕ ਸ਼ਰਮਾ)-ਬਲਾਕ ਗੁਰਦਾਸਪੁਰ ਅੰਦਰ ਪੈਂਦੇ ਪਿੰਡ ਨਵਾਂ ਸ਼ਾਲਾ ਵਿਖੇ ਇਕ ਮਕਾਨ ਮਾਲਕ ਵਲੋਂ ਗਲੀ 'ਚ ਗੈਰ ਕਾਨੂੰਨੀ ਢੰਗ ਨਾਲ ਰੈਂਪ ਬਣਾਏ ਜਾਣ ਦਾ ਪਿੰਡ ਵਾਸੀਆਂ ਨੇ ਡਟਵਾਂ ਵਿਰੋਧ ਕੀਤਾ ਹੈ | ਇਸ ਮਾਮਲੇ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਬੀ.ਡੀ.ਪੀ.ਓ ਗੁਰਦਾਸਪੁਰ ਤੇ ਪਿੰਡ ਦੇ ਸਰਪੰਚ ਨੂੰ ਸ਼ਿਕਾਇਤ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ | ਸ਼ਿਕਾਇਤ ਕਰਤਾ ਕਰਮਜੀਤ ਸਿੰਘ ਮੁਲਤਾਨੀ, ਲਖਵਿੰਦਰ ਸਿੰਘ, ਰਾਜਵੀਰ ਸਿੰਘ, ਮਨਜੀਤ ਸਿੰਘ, ਹੀਰਾ ਸਿੰਘ, ਸੂਬੇਦਾਰ ਬਲਕਾਰ ਸਿੰਘ, ਵਜ਼ੀਰ ਸਿੰਘ, ਜਗਜੀਤ ਸਿੰਘ, ਸੇਵਾ ਸਿੰਘ, ਮਨਜੀਤ ਕੌਰ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਹੀ ਗਲੀ ਛੋਟੀ ਹੈ ਤੇ ਲੋਕਾਂ ਨੇ ਵੱਡੀ ਪੱਧਰ 'ਤੇ ਗਲੀ 'ਚ ਆਪਣੇ ਘਰਾਂ ਅੱਗੇ ਰੈਂਪ ਬਣਾਏ ਹਨ ਜੋ ਆਉਣ ਜਾਣ ਵਾਲਿਆਂ ਲਈ ਰੁਕਾਵਟ ਪੈਦਾ ਕਰਦੇ ਹਨ | ਉਨ੍ਹਾਂ ਦੱਸਿਆ ਕਿ ਲਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਨਵਾਂ ਸ਼ਾਲਾ ਨੇ ਪਿੰਡ ਦੀ ਬਿਨ੍ਹਾਂ ਰਜ਼ਾਮੰਦੀ ਤੇ ਪੰਚਾਇਤ ਤੋਂ ਪੁੱਛੇ ਬਿਨ੍ਹਾਂ ਸਾਢੇ ਤਿੰਨ ਫੁੱਟ ਦਾ ਰੈਂਪ ਗਲੀ 'ਚ ਬਣਾ ਦਿੱਤਾ ਹੈ, ਜਿਸ ਨਾਲ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਰੈਂਪ ਨਾਲ ਕੋਈ ਵੀ ਵਾਹਨ ਜੇਕਰ ਵੱਜਦਾ ਹੈ ਤਾਂ ਲੜਾਈ ਝਗੜਾ ਹੋਣ ਦਾ ਡਰ ਬਣ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ | ਪਰ ਇਹ ਸਿੱਧੇ ਤੌਰ 'ਤੇ ਹਿੱਕ ਦੇ ਜ਼ੋਰ 'ਤੇ ਰੈਂਪ ਬਣਾ ਰਹੇ ਹਨ, ਜਿਸ ਦਾ ਪਿੰਡ ਵਾਸੀਆਂ ਨੇ ਡਟਵਾਂ ਵਿਰੋਧ ਕੀਤਾ ਹੈ | ਉਨ੍ਹਾਂ ਨੇ ਬੀ.ਡੀ.ਪੀ.ਓ, ਡੀ.ਡੀ.ਪੀ.ਓ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਗਲੀ ਵਿਚ ਬਣੇ ਗੈਰ ਕਾਨੂੰਨੀ ਰੈਂਪਾਂ ਨੂੰ ਢਾਹ ਕੇ ਗਲੀ ਨੂੰ ਪੱਧਰਾ ਕੀਤਾ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ |