ਵਡਾਲਾ ਗ੍ਰੰਥੀਆਂ, 13 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਬਟਾਲਾ ਦੇ ਬਿਜਲੀ ਘਰ ਤੋਂ ਚਲਦੇ ਮਲਕਪੁਰ ਫ਼ੀਡਰ ਨਾਲ ਸੰਬੰਧਤ ਖੇਤਾਂ ਦੀ ਬਿਜਲੀ ਸਪਲਾਈ ਪਿਛਲੇ 5 ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਠੱਪ ਹੋਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਤੇ ਝੋਨੇ ਦੀ ਪਨੀਰੀ ਵੀ ਸੁੱਕਣ ਦੇ ਕਗਾਰ 'ਤੇ ਪਹੁੰਚ ਚੁੱਕੀ ਹੈ | ਇਸ ਸਬੰਧੀ ਜਰਨੈਲ ਸਿੰਘ ਕਾਹਲੋਂ, ਹਰਜਿੰਦਰ ਸਿੰਘ ਲਵਲੀ, ਗੋਲਡੀ ਕਾਹਲੋਂ, ਬਲਵਿੰਦਰ ਸਿੰਘ ਬਾਜਵਾ, ਲਖਵਿੰਦਰ ਸਿੰਘ, ਕਸ਼ਮੀਰ ਸਿੰਘ ਲੌਂਗੋਵਾਲ, ਸੇਠੀ ਕਾਲੀਆਂ, ਦਲਜੀਤ ਸਿੰਘ ਬਾਜਵਾ ਲੌਂਗੋਵਾਲ, ਕਾਲੂ ਕਾਲੀਆਂ, ਗੁਰਪ੍ਰੀਤ ਸਿੰਘ ਗੋਪੀ ਕਾਲੀਆਂ, ਮਹਿੰਗਾ ਸਿੰਘ ਅਤੇ ਕੁਲਵਿੰਦਰ ਸਿੰਘ ਕਿੰਦਾ ਆਦਿ ਇਕੱਠੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਮਲਕਪੁਰ ਫ਼ੀਡਰ ਦੀ ਸਪਲਾਈ ਬੰਦ ਹੋਣ ਨਾਲ ਦਰਜਨਾਂ ਪਿੰਡਾਂ ਦੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਆਪਣੇ ਖੇਤਰ ਦੇ ਜੇ.ਈ. ਸਮੇਤ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਵੀ ਲਿਖਤੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ, ਪਰ ਪਾਵਰ ਕਾਰਪੋਰੇਸ਼ਨ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਵਰ ਕਾਰਪੋਰੇਸ਼ਨ 'ਚ ਵੱਡੀ ਗਿਣਤੀ ਵਿਚ ਆਸਾਮੀਆਂ ਖਾਲੀ ਹੋਣ ਕਾਰਨ ਪਹਿਲਾਂ ਹੀ ਸਪਲਾਈ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਸੀ, ਉੱਪਰੋਂ ਮਰਦਮ ਸ਼ੁਮਾਰੀ, 10 ਲੱਖ ਬੀਮਾ ਸਕੀਮ ਦੇ ਕਾਰਡ ਬਣਾਉਣ ਅਤੇ ਚੋਣ ਡਿਊਟੀਆਂ ਲਈ ਸਟਾਫ਼ ਦੀ ਤਾਇਨਾਤੀ ਕਾਰਨ ਹਾਲਾਤ ਹੋਰ ਵੀ ਗੰਭੀਰ ਬਣ ਗਏ ਹਨ | ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਖੇਤਾਂ ਦੀ ਬਿਜਲੀ ਸਪਲਾਈ ਤੁਰੰਤ ਬਹਾਲ ਨਾ ਕੀਤੀ ਗਈ ਤਾਂ ਉਹ ਮਜਬੂਰਨ ਬਟਾਲਾ-ਕਾਹਨੂੰਵਾਨ ਰੋਡ 'ਤੇ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |