ਡੇਰਾ ਬਾਬਾ ਨਾਨਕ, 13 ਮਈ (ਹੀਰਾ ਸਿੰਘ ਮਾਂਗਟ)-ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਧਰਮਕੋਟ ਪੱਤਨ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀ ਚੱਲੀ ਹੈ, ਜਿਸ ਨਾਲ ਇਕ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਅਸੋਕ ਕੁਮਾਰ ਤੇ ਏਐਸਆਈ ਸੁਖਦੇਵ ਸਿੰਘ ਚੌਕੀ ਇੰਚਾਰਜ ਧਰਮਕੋਟ ਰੰਧਾਵਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਲੋਂ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਧਰਮਕੋਟ ਪੱਤਨ ਦਾ ਰਾਜਬੀਰ ਸਿੰਘ ਉਰਫ ਡਿੰਪਲ ਪੁੱਤਰ ਜੋਗਿੰਦਰ ਸਿੰਘ ਵਾਸੀ ਧਰਮਕੋਟ ਪੱਤਨ ਨਾਲ ਪੁਰਾਣੀ ਰੰਜਿਸ਼ ਨੂੰ ਲੈ ਕੇ ਤਕਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਦੇਰ ਰਾਤ ਰਾਜਬੀਰ ਸਿੰਘ ਉਰਫ ਡਿੰਪਲ ਤੇ ਨਿਸਾਨ ਸਿੰਘ ਨੇ ਆਪਣੇ ਕੁਝ ਹੋਰ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਗੁਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਦੇ ਘਰ ਦੇ ਬਾਹਰ ਆਣ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਤੇ ਇੱਕ ਗੋਲੀ ਗੁਰਪ੍ਰੀਤ ਸਿੰਘ ਦੇ ਸਿਰ 'ਤੇ ਲੱਗੀ, ਜਿਸ ਨਾਲ ਗੁਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਪਰਿਵਾਰ ਵਲੋਂ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਭਰਤੀ ਕਰਾਇਆ ਗਿਆ ਹੈ | ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 5 ਵਿਅਕਤੀਆਂ ਰਾਜਬੀਰ ਸਿੰਘ ਡਿੰਪਲ, ਸੰਦੀਪ ਸਿੰਘ ਸੰਨੀ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਤੇ ਨਿਸ਼ਾਨ ਸਿੰਘ ਸਾਰੇ ਵਾਸੀ ਧਰਮਕੋਟ ਪੱਤਨ ਉੱਪਰ ਇਰਾਦਾ ਕਤਲ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵਲੋਂ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |