ਬਟਾਲਾ, 13 ਮਈ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਵਿਸ਼ੇਸ਼ ਤੇ ਅਹਿਮ ਮੀਟਿੰਗ 15 ਮਈ ਨੂੰ ਸਵੇਰੇ 11:00 ਵਜੇ ਵਿਕਟੋਰੀਆ ਪੈਲੇਸ (ਨੇੜੇ ਬਾਠ ਕਾਸਲ) ਜੀ.ਟੀ. ਰੋਡ ਜਲੰਧਰ ਵਿਖੇ ਰੱਖੀ ਗਈ ਹੈ | ਇਸ ਸਬੰਧੀ ਪਾਰਟੀ ਦੇ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਮੀਟਿੰਗ 'ਚ ਪਾਰਟੀ ਦੇ ਸਮੂਹ ਸੂਬਾ ਪੱਧਰੀ ਅਹੁਦੇਦਾਰ, ਕੋਰ ਕਮੇਟੀ ਮੈਂਬਰ, ਵਰਕਿੰਗ ਕਮੇਟੀ ਮੈਂਬਰ, ਸਿਆਸੀ ਮਾਮਲਿਆਂ ਬਾਰੇ ਕਮੇਟੀ, ਸਿਆਸੀ ਤਾਲਮੇਲ ਕਮੇਟੀ, ਸਮੂਹ ਐੱਸ.ਜੀ.ਪੀ.ਸੀ. ਮੈਂਬਰ, ਬੁਲਾਰੇ ਤੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਹੈ | ਮੀਟਿੰਗ ਦੇ ਮੁੱਖ ਏਜੰਡੇ ਬਾਰੇ ਆਗੂਆਂ ਨੇ ਦੱਸਿਆ ਕਿ ਇਸ ਦੌਰਾਨ ਆ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਲਾਮਬੰਦੀ ਕਰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਲਈ ਸੰਘਰਸ਼ ਵਿੱਢਣ ਦੀ ਰਣਨੀਤੀ ਉਲੀਕਣ ਤੇ ਪੰਥ ਤੇ ਪੰਜਾਬ ਦੇ ਹੋਰ ਅਹਿਮ ਮੁੱਦਿਆਂ 'ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸੀਨੀਅਰ ਆਗੂ ਭਾਈ ਗਗਨਦੀਪ ਸਿੰਘ ਰਿਆੜ, ਡਾਕਟਰ ਕਾਰਜ ਸਿੰਘ, ਗੁਰਮੁੱਖ ਸਿੰਘ ਸੰਧੂ, ਅਮਨਦੀਪ ਸਿੰਘ ਰਿਆੜ ਹਰਚੋਵਾਲ, ਕੰਵਲਜੀਤ ਸਿੰਘ ਬਿੱਟਾ ਗੁਰਦਾਸਪੁਰ, ਸੁਖਵਿੰਦਰ ਸਿੰਘ ਪਾਹੜਾ, ਪਰਮਜੀਤ ਸਿੰਘ ਧਨੇਰ ਮਜੀਠਾ ਅਤੇ ਲਵਪ੍ਰੀਤ ਸਿੰਘ ਬਟਾਲਾ ਆਦਿ ਹਾਜ਼ਰ ਸਨ |