ਬਟਾਲਾ, 13 ਮਈ (ਸਤਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਐਸ.ਸੀ. ਵਿੰਗ ਦੇ ਉਪ ਚੇਅਰਮੈਨ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀ ਸਾਥੀ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਾਈਕੋਰਟ ਦੇ ਹੁਕਮਾਂ ਮੁਤਾਬਕ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਬਣਦਾ 18 ਫੀਸਦੀ ਡੀ.ਏ. ਅਤੇ ਛੇਵੇਂ ਤਨਖਾਹ ਕਮਿਸ਼ਨ ਦਾ ਸਾਢੇ ਪੰਜ ਸਾਲ ਦਾ ਬਕਾਇਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਤੁਰੰਤ ਯਕਮੁਸ਼ਤ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਪੰਜਾਬ ਸਰਕਾਰ ਦੀ ਰੀੜ ਦੀ ਹੱਡੀ ਹਨ | ਇਹ ਬਕਾਇਆ ਕੋਈ ਖੈਰਾਤ ਨਹੀਂ ਹੈ, ਇਹ ਮੁਲਾਜ਼ਮਾਂ ਦਾ ਹੱਕ ਬਣਦਾ ਹੈ | ਮਹਿੰਗਾਈ ਵਧਣ ਨਾਲ ਤੇ ਕੀਮਤ ਸੂਚਕ ਅੰਕ ਵੱਧਣ ਨਾਲ ਇਹ ਮਹਿੰਗਾਈ ਭੱਤਾ ਵਧਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਵਿਚ ਤੇ ਜਨਤਕ ਮੰਚਾਂ 'ਤੇ ਦਾਅਵੇ ਕਰਦੀ ਹੈ ਕਿ ਖਜ਼ਾਨੇ ਵਿਚ ਪੈਸੇ ਦੀ ਕੋਈ ਕਮੀ ਨਹੀਂ, ਲੇਕਿਨ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੱਕ ਦੇਣ ਤੋਂ ਇਨਕਾਰੀ ਹੈ | ਪਿ੍ੰਸੀਪਲ ਸੁਲੱਖਣ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦਾ ਬਣਦਾ ਡੀ.ਏ. ਅਤੇ ਪੇ-ਕਮਿਸ਼ਨ ਦਾ ਸਾਢੇ ਪੰਜ ਸਾਲ ਦਾ ਬਕਾਇਆ ਤੁਰੰਤ ਦਿੱਤਾ ਜਾਵੇ |