ਨਰੋਟ ਮਹਿਰਾ, 13 ਮਈ (ਰਾਜ ਕੁਮਾਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਇੰਦਰਾ ਪਬਲਿਕ ਸਕੂਲ ਜਸਵਾਲੀ ਦੀ ਵਿਦਿਆਰਥਣ ਸਿਮਰਨ ਕਾਹਲੋਂ ਪੁੱਤਰੀ ਅਮਰਜੀਤ ਸਿੰਘ ਨੇ 92ਵੇਂ ਫੀਸਦੀ ਅੰਕ ਹਾਸਲ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਸਿਮਰਨ ਦੀ ਇਸ ਉਪਲਬਧੀ ਨਾਲ ਸਕੂਲ ਅਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ | ਸਕੂਲ ਦੀ ਪਿ੍ੰਸੀਪਲ ਸੋਨੀਆ ਸ਼ਰਮਾ ਨੇ ਸਿਮਰਨ ਕਾਹਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਸ ਦੀ ਮਿਹਨਤ, ਲਗਨ ਅਤੇ ਹੌਸਲੇ ਦਾ ਨਤੀਜਾ ਹੈ | ਉਨ੍ਹਾਂ ਸਕੂਲ ਦੇ ਮਿਹਨਤੀ ਸਟਾਫ਼ ਨੂੰ ਵੀ ਵਧਾਈ ਦਿੱਤੀ | ਇਸ ਮੌਕੇ ਅਧਿਆਪਕਾ ਦੀਪਿਕਾ, ਰੇਖਾ, ਭਾਵਨਾ ਅਤੇ ਸੁਰੇਖਾ ਵੀ ਮੌਜੂਦ ਰਹੇ | ਜ਼ਿਕਰਯੋਗ ਹੈ ਕਿ ਸਿਮਰਨ ਕਾਹਲੋਂ ਨੂੰ ਜਨਮ ਤੋਂ ਹੀ ਦੋਵਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਪਰ ਇਸ ਦੇ ਬਾਵਜੂਦ ਉਸ ਨੇ ਆਪਣੀ ਮਿਹਨਤ ਤੇ ਦਿ੍ੜ੍ਹ ਇਰਾਦੇ ਨਾਲ ਇਹ ਕਾਮਯਾਬੀ ਹਾਸਲ ਕੀਤੀ | ਸਿਮਰਨ ਦਾ ਕਹਿਣਾ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਪੜ੍ਹਾਈ ਨਾਲ ਬਹੁਤ ਲਗਾਵ ਸੀ | ਉਹ ਘਰ ਵਿਚ ਫੋਨ ਦੀ ਮਦਦ ਨਾਲ ਪੜ੍ਹਾਈ ਕਰਦੀ ਸੀ ਤੇ ਉਸ ਦੀ ਮਾਤਾ ਵਲੋਂ ਉਸ ਨੂੰ ਪੜ੍ਹਾਇਆ ਜਾਂਦਾ ਸੀ | ਸਿਮਰਨ ਨੇ ਦੱਸਿਆ ਕਿ ਉਸ ਦੇ ਪਿਤਾ ਭਾਰਤੀ ਫ਼ੌਜ ਦੇ ਸਾਬਕਾ ਜਵਾਨ ਹਨ | ਜਦਕਿ ਮਾਤਾ ਗ੍ਰਹਿਣੀ ਹਨ | ਉਸ ਨੇ ਕਿਹਾ ਕਿ ਇੰਦਰਾ ਪਬਲਿਕ ਸਕੂਲ ਜਸਵਾਲੀ ਵਿਚ ਉਸ ਨੂੰ ਘਰ ਵਰਗਾ ਪਿਆਰ ਅਤੇ ਸਹਿਯੋਗ ਮਿਲਿਆ | ਸਕੂਲ ਦੇ ਅਧਿਆਪਕਾਂ ਨੇ ਉਸ ਨੂੰ ਬਹੁਤ ਮਿਹਨਤ ਅਤੇ ਲਗਨ ਨਾਲ ਪੜ੍ਹਾਇਆ, ਜਿਸ ਲਈ ਉਸ ਨੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ | ਸਿਮਰਨ ਕਾਹਲੋਂ ਨੇ ਕਿਹਾ ਕਿ ਉਸ ਦਾ ਸੁਪਨਾ ਆਈ.ਏ.ਐਸ. ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਸਾਬਕਾ ਫ਼ੌਜੀ ਅਮਰਜੀਤ ਸਿੰਘ ਵਲੋਂ 22 ਸਾਲ ਭਾਰਤੀ ਸੈਨਾ ਵਿਚ ਦੇਸ਼ ਦੀ ਸੇਵਾ ਕੀਤੀ ਗਈ ਹੈ ਤੇ ਉਨ੍ਹਾਂ ਦੇ ਦੱਸੇ ਹੋਏ ਰਸਤੇ ਉੱਪਰ ਚੱਲ ਕੇ ਉਹ ਵੀ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ |