ਪਠਾਨਕੋਟ, 13 ਮਈ (ਸੰਧੂ)- ਪਠਾਨਕੋਟ ਦੇ ਨੌਜਵਾਨ ਸਿੱਖਿਆਵਿਦ, ਸਮਾਜਸੇਵੀ ਤੇ ''ਸੋਚ'' ਮੁਹਿੰਮ ਦੇ ਸੰਸਥਾਪਕ ਸ੍ਰ੍ਰੀਜਲ ਗੁਪਤਾ ਨੂੰ ਅੰਤਰਰਾਸ਼ਟਰੀ ਸੰਸਥਾ ਜਨਰੇਸ਼ਨ ਗਲੋਬਲ ਦੀ ਐਜੂਕੇਸ਼ਨ ਐਡਵਾਈਜ਼ਰੀ ਗਰੁੱਪ 'ਚ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਨਿਯੁਕਤੀ ਨੂੰ ਪਠਾਨਕੋਟ ਤੇ ਪੰਜਾਬ ਲਈ ਮਾਣ ਵਾਲੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ | ਜਨਰੇਸ਼ਨ ਗਲੋਬਲ ਦੁਨੀਆ ਭਰ ਦੇ ਨੌਜਵਾਨਾਂ 'ਚ ਸੰਵਾਦ, ਲੀਡਰਸ਼ਿਪ, ਸ਼ਾਂਤੀ ਤੇ ਸਿੱਖਿਆ ਸੁਧਾਰ ਨੂੰ ਉਤਸ਼ਾਹਿਤ ਕਰਨ ਵਾਲਾ ਪ੍ਰਸਿੱਧ ਅੰਤਰਰਾਸ਼ਟਰੀ ਮੰਚ ਹੈ | ਇਸ ਮੰਚ ਰਾਹੀਂ ਵੱਖ-ਵੱਖ ਦੇਸ਼ਾਂ ਦੇ ਸਿੱਖਿਆਵਿਦ ਤੇ ਨੌਜਵਾਨ ਆਗੂ ਭਵਿੱਖ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੰਮ ਕਰਦੇ ਹਨ | ਸ੍ਰੀਜਲ ਗੁਪਤਾ ਲੰਮੇ ਸਮੇਂ ਤੋਂ ਸਿੱਖਿਆ ਸੁਧਾਰ, ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੌਕਿਆਂ ਨਾਲ ਜੋੜਨ ਤੇ ਪਿੰਡਾਂ ਤੱਕ ਆਧੁਨਿਕ ਸਿੱਖਿਆ ਪਹੁੰਚਾਉਣ ਲਈ ਯਤਨਸ਼ੀਲ ਹਨ | ਕੈਲੇਡੋਨੀਅਨ ਇੰਟਰਨੈਸ਼ਨਲ ਰਾਹੀਂ ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਗਲੋਬਲ ਪਲੇਟਫ਼ਾਰਮਾਂ ਨਾਲ ਜੋੜਨ ਦਾ ਕੰਮ ਕੀਤਾ ਹੈ | ਟੈਡੇਕਸ ਵਰਗੇ ਅੰਤਰਰਾਸ਼ਟਰੀ ਮੰਚ ਨੂੰ ਪਠਾਨਕੋਟ ਤੱਕ ਲਿਆ ਕੇ ਉਨ੍ਹਾਂ ਨੇ ਸਾਬਤ ਕੀਤਾ ਕਿ ਛੋਟੇ ਸ਼ਹਿਰਾਂ ਦੇ ਨੌਜਵਾਨਾਂ 'ਚ ਵੀ ਵਿਸ਼ਵ ਪੱਧਰੀ ਨੇਤਿ੍ਤਵ ਸਮਰੱਥਾ ਮੌਜੂਦ ਹੈ | ਇਸ ਮੌਕੇ ਸ੍ਰੀਜਲ ਗੁਪਤਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਨਿੱਜੀ ਸਫ਼ਲਤਾ ਹਾਸਲ ਕਰਨਾ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਨੂੰ ਗਲੋਬਲ ਸੋਚ ਤੇ ਆਧੁਨਿਕ ਮੌਕਿਆਂ ਨਾਲ ਜੋੜਨਾ ਹੈ | ਉਨ੍ਹਾਂ ਕਿਹਾ ਕਿ ਸਿੱਖਿਆ, ਨਵਚੇਤਨਾ ਅਤੇ ਨੌਜਵਾਨ ਸ਼ਕਤੀ ਹੀ ਭਵਿੱਖ ਦੀ ਅਸਲ ਤਾਕਤ ਹੈ | ਸਥਾਨਕ ਸਿੱਖਿਆਵਿਦਾਂ ਤੇ ਨੌਜਵਾਨਾਂ ਨੇ ਸ੍ਰੀਜਲ ਗੁਪਤਾ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਨਮਾਨ ਆਉਣ ਵਾਲੀ ਪੀੜ੍ਹੀ ਲਈ ਪੇ੍ਰਰਨਾ ਸਾਬਤ ਹੋਵੇਗਾ |