ਪਠਾਨਕੋਟ, 13 ਮਈ (ਵਿਨੋਦ)-ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ 154 ਸਰਕਾਰੀ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਮਾਪਿਆਂ, ਅਧਿਆਪਕਾਂ ਤੇ ਪਿੰਡ ਪੰਚਾਇਤਾਂ ਦੇ ਸਹਿਯੋਗ ਨਾਲ 2 ਮਹੀਨਿਆਂ ਤੱਕ 'ਸਕੂਲ ਚੱਲੋ ਮੁਹਿੰਮ' ਚਲਾਈ ਗਈ | ਇਸ ਮੁਹਿੰਮ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ ਦੇ ਦਾਖ਼ਲੇ ਵਧਾਉਣਾ ਤੇ ਉਨ੍ਹਾਂ ਸਮਾਜਿਕ ਤੇ ਪਰਿਵਾਰਕ ਚੁਨੌਤੀਆਂ ਨੂੰ ਸਮਝਣਾ ਸੀ, ਜੋ ਬੱਚਿਆਂ ਦੀ ਪੜ੍ਹਾਈ ਵਿਚ ਰੁਕਾਵਟ ਬਣਦੀਆਂ ਹਨ | ਮੁਹਿੰਮ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਕੁੱਝ ਲੜਕੀਆਂ ਘਰੇਲੂ ਜ਼ਿੰਮੇਵਾਰੀਆਂ, ਛੋਟੇ ਭੈਣ-ਭਰਾਵਾਂ ਦੀ ਦੇਖਭਾਲ ਜਾਂ ਪਰਿਵਾਰਕ ਆਰਥਿਕ ਦਬਾਅ ਕਾਰਨ ਸਕੂਲ ਤੋਂ ਦੂਰ ਹੋ ਗਈਆਂ ਸਨ | ਕੁਝ ਥਾਵਾਂ 'ਤੇ ਮਾਪਿਆਂ ਦੀ ਘੱਟ ਜਾਗਰੂਕਤਾ ਤੇ ਲਗਾਤਾਰ ਗ਼ੈਰ ਹਾਜ਼ਰੀ ਵੀ ਡਰਾਪ ਆਊਟ ਦਾ ਕਾਰਨ ਬਣੀ ਹੋਈ ਸੀ | ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮਾਰਚ ਤੇ ਅਪ੍ਰੈਲ ਮਹੀਨਿਆਂ ਦੌਰਾਨ ਚਲਾਈ ਗਈ, ਇਸ ਮੁਹਿੰਮ ਤਹਿਤ ਵੱਖ-ਵੱਖ ਭਾਗੀਦਾਰੀਆਂ ਵਾਲੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਆਖ਼ਰੀ ਪੜ੍ਹਾਅ 'ਚ 'ਪਿੰਡ ਪੱਧਰੀ ਜਾਗਰੂਕਤਾ ਰੈਲੀਆਂ' ਤੇ 'ਸਕੂਲ ਚੱਲੋ ਰੈਲੀਆਂ' ਰਾਹੀਂ ਲੋਕਾਂ ਨੂੰ ਸਰਕਾਰੀ ਸਕੂਲਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਸਕੂਲ ਮੈਨੇਜਮੈਂਟ ਕਮੇਟੀਆਂ ਅਧਿਆਪਕਾਂ ਤੇ ਸਮੁਦਾਇ ਵਿਚਕਾਰ ਜੁੜਾਅ ਹੋਰ ਮਜ਼ਬੂਤ ਹੋਇਆ ਹੈ | ਅਧਿਆਪਕਾਂ ਤੇ ਐਸ.ਐਮ.ਸੀ. ਮੈਂਬਰਾਂ ਨੇ ਘਰ-ਘਰ ਜਾ ਕੇ ਮਾਪਿਆਂ ਨਾਲ ਸਿੱਖਿਆ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ ਤੇ ਬੱਚਿਆਂ ਨੂੰ ਮੁੜ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ | ਮੁਹਿੰਮ ਦੌਰਾਨ ਕੋਟਲੀ ਮੁਹੱਲਾ ਦੇ 12 ਵਿਦਿਆਰਥੀਆਂ ਲਈ ਮੁਫ਼ਤ ਆਵਾਜਾਈ ਦੀ ਸਹੂਲਤ ਯਕੀਨੀ ਬਣਾਈ ਗਈ | ਇਸ ਤੋਂ ਇਲਾਵਾ, ਪੁਰਾਤਨ ਵਿਦਿਆਰਥੀਆਂ ਦੀਆਂ ਸਫਲਤਾ ਕਹਾਣੀਆਂ ਸਾਂਝੀਆਂ ਕਰਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਤੇ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਬਣਾਇਆ ਗਿਆ | ਸਰਕਾਰੀ ਸਕੂਲਾਂ 'ਚ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਤੇ ਡਰਾਪ ਆਊਟ ਦਰ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਜਾਰੀ ਹਨ | ਸਕੂਲਾਂ ਵਲੋਂ ਹੁਣ ਵੀ ਡਰਾਪ ਆਊਟ ਬੱਚਿਆਂ ਨੂੰ ਮੁੜ ਦਾਖਲ ਕਰਨ ਅਤੇ ਇਸ ਮੁਹਿੰਮ ਰਾਹੀਂ ਸਾਹਮਣੇ ਆਈਆਂ ਸਫ਼ਲਤਾ ਕਹਾਣੀਆਂ ਨੂੰ ਸਾਂਝਾ ਕਰਨ ਲਈ ਸਰਗਰਮ ਤੌਰ 'ਤੇ ਕੰਮ ਕੀਤਾ ਜਾ ਰਿਹਾ ਹੈ |