ਪਠਾਨਕੋਟ, 13 ਮਾਈ (ਵਿਨੋਦ)-ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਜ਼ਿਲ੍ਹਾ ਪਠਾਨਕੋਟ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਪਠਾਨਕੋਟ ਦੇ ਕਾਰਜਕਾਰੀ ਇੰਜੀਨੀਅਰ ਸੁਖਜੀਤ ਸਿੰਘ ਨਾਲ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ, ਜਿਸ 'ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਆਊਟ ਸੋਰਸ ਕੀਤੇ ਕਰਮਚਾਰੀਆਂ ਨੂੰ ਡੀ.ਸੀ. ਰੇਟ ਰਿਵੀਜ਼ਨ ਬਕਾਇਆ ਦਿੱਤਾ ਜਾਵੇਗਾ, ਜਿਸ ਲਈ ਕੇਸ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ, ਆਊਟ ਸੋਰਸ ਕੀਤੇ ਸੋਧੇ ਹੋਏ ਰੇਟ ਪੰਜਾਬ ਸਰਕਾਰ ਵਲੋਂ 1 ਮਈ ਨੂੰ ਨਿਰਧਾਰਿਤ ਕੀਤੇ ਗਏ ਹਨ | ਇਸ ਦੀਆਂ ਦਰਾਂ ਵਧਾਈਆਂ ਜਾਣਗੀਆਂ ਤੇ ਇਕ ਨਵਾਂ ਟੈਂਡਰ ਜਾਰੀ ਕੀਤਾ ਜਾਵੇਗਾ, ਕਲਰਕਾਂ ਨੂੰ ਵਰਦੀਆਂ ਦਿੱਤੀਆਂ ਜਾਣਗੀਆਂ, 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਲਿਵਿੰਗ ਕੈਸ਼ਮੈਂਟ ਦੇ ਬਕਾਏ ਦੀ ਤੀਜੀ ਕਿਸ਼ਤ ਦਿੱਤੀ ਗਈ ਹੈ, ਜਨਵਰੀ 2016 ਤੋਂ 30 ਜੂਨ ਤੱਕ ਸੇਵਾ ਮੁਕਤ ਹੋਏ ਕਰਮਚਾਰੀਆਂ ਅਤੇ ਅਪ੍ਰੈਲ ਵਿਚ ਮਿਲਣ ਵਾਲੀ ਤਨਖ਼ਾਹ ਕਮਿਸ਼ਨ ਦੀ ਕਿਸ਼ਤ ਜਲਦੀ ਤਿਆਰ ਕਰਕੇ ਖ਼ਜ਼ਾਨਾ ਦਫ਼ਤਰ ਭੇਜ ਦਿੱਤੀ ਜਾਵੇਗੀ | ਜਿਨ੍ਹਾਂ ਕਰਮਚਾਰੀਆਂ ਨੇ 1 ਜਨਵਰੀ 2004 ਤੋਂ ਪਹਿਲਾਂ ਨੌਕਰੀ ਲਈ ਅਸਤੀਫ਼ਾ ਦੇ ਦਿੱਤਾ ਹੈ, ਜਿਨ੍ਹਾਂ ਨੂੰ ਬਾਅਦ ਵਿਚ ਨੌਕਰੀ ਮਿਲੀ ਸੀ, ਉਨ੍ਹਾਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਦਿੱਤਾ ਜਾਵੇਗਾ | ਇਸ ਲਈ ਉੱਚ ਅਧਿਕਾਰੀਆਂ ਨੂੰ ਨਕਦ ਰਾਸ਼ੀ ਭੇਜ ਦਿੱਤੀ ਗਈ ਹੈ, ਜਦੋਂ ਕਿ ਬਾਕੀ ਰਹਿੰਦੇ ਕੰਮ ਲਈ ਬੁੱਧਵਾਰ ਨੂੰ ਯੂਨੀਅਨ ਨਾਲ ਮੀਟਿੰਗ ਕੀਤੀ ਜਾਵੇਗੀ | ਇਸ ਮੌਕੇ ਰਾਜਿੰਦਰ ਕੁਮਾਰ ਪ੍ਰਧਾਨ, ਸਤੀਸ਼ ਸ਼ਰਮਾ ਚੇਅਰਮੈਨ, ਮੋਹਨ ਸਿੰਘ ਖ਼ਜ਼ਾਨਚੀ, ਸਵਰਨ ਸਿੰਘ ਸੁਪਰਡੈਂਟ, ਅਜੈ ਕੁਮਾਰ ਸੀਨੀਅਰ ਸਹਾਇਕ, ਅੰਮਿ੍ਤਪਾਲ ਸ਼ਰਮਾ ਸੀਨੀਅਰ ਸਹਾਇਕ, ਸੁਰੇਂਦਰ ਸੈਣੀ, ਸੁਰੇਸ਼ ਕੁਮਾਰ, ਨਿਰਮਲ ਕੁਮਾਰ, ਸੰਦੀਪ ਸਿੰਘ ਅਤੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਅਧਿਕਾਰੀ ਮੌਜੂਦ ਸਨ |