ਤਾਰਾਗੜ੍ਹ, 13 ਮਈ (ਸੋਹਨ ਲਾਲ)-ਭਾਰਤੀ ਫ਼ੌਜ ਦੀ 2 ਜੈਕ ਰਾਈਫ਼ਲ ਯੂਨਿਟ ਦੇ ਸੌਰਿਆ ਚੱਕਰ ਵਿਜੇਤਾ ਰਾਈਫਲਮੈਨ ਰਾਜੇਸ਼ਵਰ ਸਿੰਘ ਰਕਵਾਲ ਦਾ 33ਵਾਂ ਬਲੀਦਾਨ ਦਿਵਸ ਪਿੰਡ ਝੇਲਾ ਆਮਦਾ ਸ਼ਕਰਗੜ੍ਹ ਵਿਖੇ ਸ਼ਹੀਦ ਦੇ ਨਾਮ 'ਤੇ ਬਣੇ ਸਰਕਾਰੀ ਹਾਈ ਸਕੂਲ ਵਿਚ ਸ਼ਰਧਾ ਤੇ ਸਨਮਾਨ ਨਾਲ ਮਨਾਇਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਬੀ.ਐਸ.ਐਫ. ਦੀ 109 ਬਟਾਲੀਅਨ ਦੇ ਸਹਾਇਕ ਕਮਾਡੈਂਟ ਬੀ.ਐਸ. ਮੀਣਾ, ਸ਼ਹੀਦ ਦੇ ਭਰਾ ਖੇਮ ਸਿੰਘ ਅਤੇ ਸੁਰਿੰਦਰ ਕੁਮਾਰ, ਭਤੀਜੇ ਰਾਏ ਸਿੰਘ ਰਿਸ਼ੂ ਅਤੇ ਮਨਦੀਪ ਸਿੰਘ, ਬਲੀਦਾਨੀ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਸ਼ਹੀਦ ਨਾਇਕ ਮੇਹਰ ਸਿੰਘ ਵੀਰ ਚੱਕਰ ਦੇ ਪੁੱਤਰ ਪ੍ਰਵੀਨ ਕੁਮਾਰ, ਸ਼ਹੀਦ ਲਾਂਸ ਨਾਇਕ ਡਿਪਟੀ ਸਿੰਘ ਸੈਨਾ ਮੈਡਲ ਦੇ ਭਤੀਜੇ ਵਰਿੰਦਰ ਸਿੰਘ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਡੀ.ਜੀ.ਐਮ. ਚਰਨਜੀਤ ਸਿੰਘ ਅਤੇ ਕੈਪਟਨ ਅਮਰਜੀਤ ਸਿੰਘ ਸੈਨਾ ਮੈਡਲ ਸਮੇਤ ਕਈ ਹੋਰ ਵਿਸ਼ੇਸ਼ ਮਹਿਮਾਨਾਂ ਨੇ ਹਾਜ਼ਰੀ ਭਰਦੇ ਹੋਏ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ | ਸਭ ਤੋਂ ਪਹਿਲਾਂ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਨੇ ਸ਼ਹੀਦ ਰਾਈਫਲਮੈਨ ਰਾਜੇਸ਼ਵਰ ਸਿੰਘ ਦੇ ਚਿੱਤਰ ਅੱਗੇ ਰੀਥ ਚੜ੍ਹਾ ਕੇ ਤੇ ਜੋਤ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਰਾਈਫਲਮੈਨ ਰਾਜੇਸ਼ਵਰ ਸਿੰਘ ਵਰਗੇ ਜਾਂਬਾਜ਼ਾਂ ਦੇ ਬਲੀਦਾਨ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਸਹਾਇਕ ਕਮਾਡੈਂਟ ਬੀ.ਐਸ. ਮੀਣਾ ਨੇ ਕਿਹਾ ਕਿ ਦੇਸ਼ ਦਾ ਵੀਰ ਸੈਨਿਕ ਕੇਵਲ ਰੋਟੀ-ਰੋਜ਼ੀ ਲਈ ਫ਼ੌਜ ਵਿਚ ਨਹੀਂ ਜਾਂਦਾ, ਸਗੋਂ ਪਰਿਵਾਰਕ ਸੰਸਕਾਰ ਤੇ ਦੇਸ਼-ਭਗਤੀ ਦਾ ਜਜ਼ਬਾ ਉਸ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਦਾ ਹੈ | ਇਸ ਮੌਕੇ ਮੁੱਖ ਮਹਿਮਾਨ ਵਲੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਸਮੇਤ ਪੰਜ ਹੋਰ ਸ਼ਹੀਦ ਪਰਿਵਾਰਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸ਼ਿਵ ਲਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੈਪਟਨ ਬਲਬੀਰ ਸਿੰਘ, ਨਿਸ਼ਾਨ ਸਿੰਘ ਝੇਲਾ, ਚੰਨਣ ਸਿੰਘ, ਮਾਸਟਰ ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਸੰਦੀਪ ਸਿੰਘ, ਸੁਨੀਤ ਮਿਲਨ, ਗੁਰਦੇਵ ਸਿੰਘ, ਮੈਡਮ ਚੰਦਨ, ਪੂਨਮ ਜੋਤੀ, ਕਵਿਤਾ ਦੇਵੀ, ਵਿਜੈ ਸਿੰਘ, ਸਾਈਾ ਦਾਸ, ਪ੍ਰੀਤਮ ਚੰਦ, ਅਸ਼ੋਕ ਕੁਮਾਰ, ਸਤਨਾਮ ਸਿੰਘ ਆਦਿ ਹਾਜ਼ਰ ਸਨ |