ਪੰਜਾਬ ਸਰਕਾਰ ਤੇ ਪੈਨਸ਼ਨਜ਼ ਸਾਂਝਾ ਫ਼ਰੰਟ ਵਲੋਂ 17 ਮਈ ਨੰੂ ਤਿੱਖੇ ਸੰਘਰਸ਼ ਦਾ ਐਲਾਨ-ਸੁਰਿੰਦਰ ਪੱਪੂ
ਅਜੀਤ ਡੈਸਕ
15-05-2026
ਗੁਰਦਾਸਪੁਰ, 14 ਮਈ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਰਜਿ. ਨੰ: 56 ਦੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਹਿਯੋਗ ਨਾਲ ਹੋਂਦ ਵਿਚ ਆਈ ਪੰਜਾਬ ਸਰਕਾਰ ਅੱਜ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨਹੀਂ ਮੰਨ ਰਹੀ | ਜਿਸ ਕਰਕੇ ਪੰਜਾਬ ਦਾ ਸਮੁੱਚਾ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਦੇ ਰਾਹ 'ਤੇ ਹੈ | ਪੰਜਾਬ ਸਰਕਾਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਨੰੂ ਵਾਰ ਵਾਰ ਮੀਟਿੰਗਾਂ ਦੇ ਕੇ ਉਸ ਨੰੂ 4 ਸਾਲ ਤੋਂ ਮੁਲਤਵੀ ਕਰ ਰਹੀ ਹੈ |
ਹੁਣ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਪੰਜਾਬ ਵਲੋਂ 17 ਮਈ ਨੰੂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਕਨਵੈੱਨਸ਼ਨ ਕਰਕੇ ਆਪਣਾ 18 ਫ਼ੀਸਦੀ ਡੀ.ਏ, ਉਸ ਦਾ ਪਿਛਲਾ ਬਕਾਇਆ ਅਤੇ ਪੈਨਸ਼ਨਰਾਂ ਦਾ 2.59 ਗੁਣਾਂਕ ਨਾਲ ਛੇਵੇਂ ਪੇਅ ਕਮਿਸ਼ਨ ਅਨੁਸਾਰ ਵਾਧਾ ਕਰਕੇ ਉਸ ਦਾ ਬਕਾਇਆ ਲੈਣ, ਪੁਰਾਣੀ ਪੈਨਸ਼ਨ 1972 ਨਿਯਮ ਤਹਿਤ ਨੋਟੀਫ਼ਿਕੇਸ਼ਨ ਜਾਰੀ ਕਰਵਾਉਣ, ਪੈਨਸ਼ਨਰਾਂ ਨੰੂ ਵੀ ਬਿਜਲੀ ਰਿਆਇਤ ਦਿਵਾਉਣ, ਕੱਚੇ ਮੁਲਾਜ਼ਮ ਪੱਕੇ ਕਰਵਾਉਣ, 23 ਸਾਲਾ ਇੰਕਰੀਮੈਂਟ ਦਿਵਾਉਣ ਅਤੇ ਮਾਣਯੋਗ ਸੁਪਰੀਮ ਕੋਰਟ ਤੇ ਮਾਣਯੋਗ ਹਾਈਕੋਰਟ ਦੇ ਡੀ.ਏ ਸਬੰਧੀ ਦਿੱਤੇ ਇਤਿਹਾਸਿਕ ਫੈਸਲੇ ਨੰੂ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਕਰੋ ਜਾਂ ਮਰੋ ਦੀ ਨੀਤੀ ਤਹਿਤ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਨੰੂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਕਰਨ ਲਈ ਮਜਬੂਰ ਹੋਣਾ ਪਵੇ | ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਤੋਂ ਨਿਕਲਣ ਵਾਲੇ ਸਾਰੇ ਸਿੱਟਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ |