ਪਠਾਨਕੋਟ, 14 ਮਈ (ਸੰਧੂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨਿਆ ਗਿਆ ਬੀ.ਸੀ.ਏ. ਪੰਜਵੇਂ ਸਮੈਸਟਰ ਦੇ ਨਤੀਜੇ ਵਿਚੋਂ ਆਰੀਆ ਮਹਿਲਾ ਕਾਲਜ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਤਨਿਸ਼ਕਾ ਸ਼ਰਮਾ ਅਤੇ ਸ਼ਿਵਾਨੀ ਨੇ 8.20 ਸੀ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਅਨੁਸ਼ਕਾ ਸ਼ਰਮਾ ਨੇ 7.80 ਸੀ.ਜੀ.ਪੀ.ਏ. ਅੰਕਾਂ ਨਾਲ ਦੂਜਾ ਅਤੇ ਰਾਧਿਕਾ ਨੇ 7.80 ਸੀ.ਜੀ.ਪੀ.ਏ. ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਡਾ: ਗੁਰਮੀਤ ਕੌਰ ਨੇ ਵਿਦਿਆਰਥਣਾਂ ਦੀ ਮਿਹਨਤ, ਲਗਨ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥਣਾਂ, ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਇਸੇ ਤਰ੍ਹਾਂ ਮਿਹਨਤ ਕਰਦੀਆਂ ਰਹਿਣ ਅਤੇ ਹੋਰਾਂ ਲਈ ਪੇ੍ਰਰਨਾ ਬਣਨ | ਇਸ ਮੌਕੇ ਉਨ੍ਹਾਂ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਅਧੀਨ ਚੱਲ ਰਹੇ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਵਿਭਾਗ ਅਧੀਨ ਬੀ.ਸੀ.ਏ, ਬੀ.ਐਸ.ਸੀ. (ਕੰਪਿਊਟਰ ਸਾਇੰਸ), ਐਮ.ਐਸ.ਸੀ. (ਕੰਪਿਊਟਰ ਸਾਇੰਸ), ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਸ਼ਾ ਉਪਲੱਬਧ ਹਨ, ਜਿਨ੍ਹਾਂ ਰਾਹੀਂ ਵਿਦਿਆਰਥਣਾਂ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਦੀਆਂ ਹਨ | ਇਸ ਮੌਕੇ ਵਿਭਾਗ ਮੁਖੀ ਡਾ: ਤਰੁਣ ਮਹਾਜਨ, ਡਾ: ਪੱਲਵੀ ਮਹਾਜਨ, ਪ੍ਰੋ: ਅਮਿਤ ਮਹਾਜਨ ਅਤੇ ਪ੍ਰੋ: ਪੂਜਾ ਸ਼ਰਮਾ ਵੀ ਹਾਜ਼ਰ ਸਨ |