ਬਟਾਲਾ, 16 ਮਈ (ਸਤਿੰਦਰ ਸਿੰਘ)-ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਇੰਟੈਕ ਪੰਜਾਬ ਦੇ ਸਹਿਯੋਗ ਨਾਲ ਭੁੱਲੇ-ਵਿਸਰੇ ਸਾਹਿਤਕਾਰਾਂ ਨੂੰ ਮੁੜ ਉਭਾਰਨ ਦੀ ਲੜੀ ਤਹਿਤ ਨਿਰਮਲ ਪੰਥ ਦੇ ਅਦੁੱਤੀ ਵਿਦਵਾਨ ਪੰਡਿਤ ਤਾਰਾ ਸਿੰਘ ਨਰੋਤਮ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ | ਇਸ ਸਮਾਗਮ ਦੀ ਪ੍ਰੇਰਣਾ ਡਾਕਟਰ ਪਰਮਜੀਤ ਸਿੰਘ ਮਾਨਸਾ ਦੇ ਉਸ ਖੋਜ ਕਾਰਜ ਤੋਂ ਮਿਲੀ, ਜਿਨ੍ਹਾਂ ਨੇ ਪੰਡਿਤ ਤਾਰਾ ਸਿੰਘ ਨਰੋਤਮ ਉੱਤੇ ਪੀ.ਐੱਚ.ਡੀ. ਕੀਤੀ ਹੈ ਅਤੇ ਜਿਨ੍ਹਾਂ ਦੀ ਖੋਜ ਨੇ ਇਸ ਮਹਾਨ ਵਿਦਵਾਨ ਦੀ ਬਹੁਪੱਖੀ ਸਾਹਿਤਕ ਵਿਰਾਸਤ ਨੂੰ ਨਵੀਂ ਪੀੜ੍ਹੀ ਦੇ ਸਾਹਮਣੇ ਉਜਾਗਰ ਕਰਨ ਦਾ ਆਧਾਰ ਤਿਆਰ ਕੀਤਾ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰੋ. ਨਰੇਸ਼ ਕੁਮਾਰ ਮੁਖੀ ਪੰਜਾਬੀ ਅਤੇ ਡੋਗਰੀ ਵਿਭਾਗ, ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਨੇ ਕਿਹਾ ਕਿ ਪੰਡਿਤ ਤਾਰਾ ਸਿੰਘ ਨਰੋਤਮ ਦੀਆਂ 4000 ਤੋਂ ਵੱਧ ਪੰਨਿਆਂ ਦੀਆਂ ਰਚਨਾਵਾਂ ਇਕ ਜੀਵਨ ਭਰ ਦੀ ਤਪੱਸਿਆ ਦੀ ਸਾਖੀ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਭੁੱਲੇ-ਵਿਸਰੇ ਵਿਦਵਾਨਾਂ ਨੂੰ ਯਾਦ ਕਰਨਾ ਸਿਰਫ਼ ਸ਼ਰਧਾਂਜਲੀ ਨਹੀਂ, ਸਗੋਂ ਕੌਮ ਦੀ ਅਕਾਦਮਿਕ ਜ਼ਿੰਮੇਵਾਰੀ ਹੈ, ਜਿਸ ਵਿਦਵਾਨ ਨੇ 'ਗੁਰੂ ਗਿਰਾਰਥ ਕੋਸ਼' ਵਰਗੀ ਅਜਿਹੀ ਰਚਨਾ ਰਚੀ ਜੋ ਆਧੁਨਿਕ ਕੋਸ਼ਾਂ ਦੀ ਆਧਾਰ-ਵਿਧੀ ਬਣੀ ਹੈ | ਇੰਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਕਿਹਾ ਕਿ ਇੰਟੈਕ ਦਾ ਮਨੋਰਥ ਸਿਰਫ਼ ਇਮਾਰਤਾਂ ਅਤੇ ਵਿਰਸੇ ਦੀ ਸੰਭਾਲ ਤੱਕ ਸੀਮਤ ਨਹੀਂ, ਸਾਹਿਤਕ ਅਤੇ ਵਿਚਾਰਕ ਵਿਰਾਸਤ ਵੀ ਸਾਡਾ ਅਣਮੁੱਲਾ ਖ਼ਜ਼ਾਨਾ ਹੈ | ਉਨ੍ਹਾਂ ਐਲਾਨ ਕੀਤਾ ਕਿ ਇੰਟੈਕ ਪੰਜਾਬ ਜਲਦ ਹੀ ਪੰਡਿਤ ਨਰੋਤਮ ਦੇ ਅਣਛਪੇ ਗ੍ਰੰਥਾਂ ਨੂੰ ਦੁਬਾਰਾ ਪ੍ਰਕਾਸ਼ਿਤ ਕਰਨ ਦਾ ਬੀੜਾ ਚੁੱਕੇਗੀ | ਰਿਆੜਕੀ ਸੰਸਥਾਵਾਂ ਦੇ ਪ੍ਰਬੰਧਕ ਸ: ਗਗਨਦੀਪ ਸਿੰਘ ਵਿਰਕ ਨੇ ਸਮਾਗਮ ਵਿਚ ਨਿਰਮਲੇ ਪੰਥ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਨਿਰਮਲ ਪੰਥ ਦਾ ਮਨੋਰਥ ਗੁਰਬਾਣੀ ਦੀ ਵਿਆਖਿਆ ਠੀਕ ਢੰਗ ਨਾਲ ਕਰਨਾ ਸੀ | ਨਿਰਮਲ ਪੰਥ ਦੇ ਵਿਦਵਾਨਾਂ ਨੇ ਗੁਰਬਾਣੀ ਦੇ ਟੀਕਿਆਂ, ਵਿਆਕਰਣ ਗ੍ਰੰਥਾਂ ਅਤੇ ਤੁਲਨਾਤਮਕ ਵਿਆਖਿਆ ਰਾਹੀਂ ਸਿੱਧ ਕੀਤਾ ਕਿ ਗੁਰਮਤਿ ਦਾ ਗਿਆਨ ਉੱਤਮ ਹੈ | ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਸ: ਸਵਰਨ ਸਿੰਘ ਵਿਰਕ ਨੇ ਕੀਤੀ | ਉਨ੍ਹਾਂ ਕਿਹਾ ਕਿ ਪੰਡਿਤ ਤਾਰਾ ਸਿੰਘ ਨਰੋਤਮ ਨੇ ਇਕ ਸਾਧਾਰਨ ਕਿਸਾਨ ਪਰਿਵਾਰ ਤੋਂ ਉੱਠ ਕੇ ਕਾਸ਼ੀ, ਅੰਮਿ੍ਤਸਰ ਅਤੇ ਬੰਗਾਲ ਤੱਕ ਗਿਆਨ ਦੀ ਜੋ ਯਾਤਰਾ ਕੀਤੀ, ਉਹ ਸਾਡੇ ਵਿਦਿਆਰਥੀਆਂ ਲਈ ਸਦੀਵੀ ਪ੍ਰੇਰਨਾਸ੍ਰੋਤ ਹੈ, ਜੋ ਵਿਦਵਾਨ ਅੰਤਿਮ ਸਾਹ ਤੱਕ ਕਲਮ ਦੀ ਸੇਵਾ ਕਰਦਾ ਰਿਹਾ ਅਤੇ ਜਿਸ ਦੀ ਅੰਤਿਮ ਰਚਨਾ ਤੇ ਅੰਤਿਮ ਸਾਹ ਇਕੋ ਵੇਲੇ ਸੰਪੂਰਨ ਹੋਏ ਉਹ ਜੀਵਨ ਕੋਈ ਸਾਧਾਰਨ ਜੀਵਨ ਨਹੀਂ, ਉਹ ਸਾਧਨਾ ਦਾ ਸਿਖ਼ਰ ਹੈ | ਪੰਜਾਬੀ ਦੇ ਸਿਰਮੌਰ ਕਵੀ ਅਤੇ ਸਾਹਿਤਕ ਸ਼ਖ਼ਸੀਅਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਆਨਲਾਈਨ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਉਸ ਕਾਰਜ ਲਈ ਦਿਲੋਂ ਮਸ਼ਕੂਰ ਹਨ, ਜਿਸ ਰਾਹੀਂ ਇਹ ਸੰਸਥਾ ਭੁੱਲੇ-ਵਿਸਰੇ ਸਾਹਿਤਕਾਰਾਂ ਨੂੰ ਮੁੜ ਜ਼ਿੰਦਾ ਕਰਨ ਅਤੇ ਲੱਭ-ਲੱਭ ਕੇ ਅੱਗੇ ਲਿਆਉਣ ਦਾ ਵੱਡਾ ਅਤੇ ਅਣਮੁੱਲਾ ਕਾਰਜ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਕੇਵਲ ਇਕ ਵਿਦਵਾਨ ਨੂੰ ਯਾਦ ਕਰਨ ਦਾ ਨਹੀਂ, ਸਗੋਂ ਪੰਜਾਬੀ ਸਾਹਿਤ ਦੀ ਉਸ ਜੜ੍ਹ ਨੂੰ ਸਿੰਚਣ ਦਾ ਜ਼ਰੀਆ ਹਨ, ਜਿਸ ਤੋਂ ਅਸੀਂ ਟੁੱਟਦੇ ਜਾ ਰਹੇ ਹਾਂ | ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿੱਦਿਅਕ ਸੰਸਥਾ ਕੇਵਲ ਡਿਗਰੀਆਂ ਵੰਡਣ ਤੱਕ ਸੀਮਤ ਨਾ ਰਹਿ ਕੇ ਸਾਹਿਤਕ ਵਿਰਸੇ ਦੀ ਰਾਖੀ ਦਾ ਬੀੜਾ ਚੁੱਕ ਲੈਂਦੀ ਹੈ ਤਾਂ ਉਹ ਸੰਸਥਾ ਆਪਣੇ-ਆਪ ਵਿਚ ਇਕ ਸਾਹਿਤਕ ਤੀਰਥ ਬਣ ਜਾਂਦੀ ਹੈ | ਸਮਾਗਮ ਵਿਚ ਆਨਲਾਈਨ ਮਾਧਿਅਮ ਰਾਹੀਂ ਡਾ. ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ ਆਪਣੇ ਸਮੇਂ ਦੇ ਨਿਰਮਲੇ ਚਿੰਤਕਾਂ ਵਿਚ ਪੰਡਿਤ ਤਾਰਾ ਸਿੰਘ ਨਰੋਤਮ ਦਾ ਨਾਮ ਬਹੁਤ ਵੱਡੇ ਸਤਿਕਾਰ ਅਤੇ ਅਕੀਦਤ ਨਾਲ ਲਿਆ ਜਾਂਦਾ ਸੀ | ਉਨ੍ਹਾਂ ਕਿਹਾ ਕਿ ਅੱਜ ਵੇਲੇ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਅਜਿਹੇ ਮਹਾਨ ਸਾਹਿਤਕਾਰਾਂ ਨੂੰ ਨਵੀਂ ਪੀੜ੍ਹੀ ਦੇ ਸਾਹਮਣੇ ਰੂਬਰੂ ਪੇਸ਼ ਕੀਤਾ ਜਾਵੇ, ਉਨ੍ਹਾਂ ਦੀਆਂ ਵਡਮੁੱਲੀਆਂ ਰਚਨਾਵਾਂ ਨੂੰ ਉੱਚ ਪਾਏ ਦੀਆਂ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਹੱਥ-ਲਿਖਤਾਂ ਨੂੰ ਸੰਭਾਲ ਕੇ ਛਪਾਈ ਰਾਹੀਂ ਖੋਜਾਰਥੀਆਂ ਤੱਕ ਪਹੁੰਚਾਇਆ ਜਾਵੇ | ਸਮਾਗਮ ਵਿਚ ਪੰਡਿਤ ਨਰੋਤਮ ਦੀਆਂ 4 ਕਿਸਮਾਂ ਦੀਆਂ ਰਚਨਾਵਾਂ ਸਿਧਾਂਤਕ ਵਿਆਖਿਆ, ਗੁਰਬਾਣੀ ਟੀਕੇ, ਕੋਸ਼ ਰਚਨਾਵਾਂ ਅਤੇ ਫੁਟਕਲ ਰਚਨਾਵਾਂ ਬਾਰੇ ਵਿਦਵਾਨਾਂ ਨੇ ਵਿਸਤਾਰ ਨਾਲ ਚਰਚਾ ਕੀਤੀ | ਕਾਲਜ ਦੀਆਂ ਵਿਦਿਆਰਥਣਾਂ ਆਂਚਲਪ੍ਰੀਤ ਕੌਰ ਅਤੇ ਮੁਸਕਾਨਦੀਪ ਕੌਰ ਨੇ ਇਸ ਵਿਸ਼ੇ ਸਬੰਧੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ |