ਡੇਰਾ ਬਾਬਾ ਨਾਨਕ, 16 ਮਈ (ਹੀਰਾ ਸਿੰਘ ਮਾਂਗਟ)-ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਇਸ ਵੇਲੇ ਗੰਦਗੀ ਦਾ ਘਰ ਬਣਦਾ ਜਾ ਰਿਹਾ ਹੈ | ਕਸਬੇ ਦੇ ਬਾਜ਼ਾਰਾਂ ਅਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਹਨ | ਸ਼ਹਿਰ ਦੀਆਂ ਗਲੀਆਂ ਵਿਚ ਗੰਦਗੀ ਦਾ ਬੁਰਾ ਹਾਲ ਹੈ, ਜਿਸ ਕਰ ਕੇ ਕਸਬੇ ਅੰਦਰ ਭਿਆਨਕ ਬਿਮਾਰੀਆਂ ਫ਼ੈਲਣ ਦਾ ਡਰ ਪਾਇਆ ਜਾ ਰਿਹਾ | ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਦੀ ਗੱਲ ਕਰੀਏ ਤਾਂ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੀ 6 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠੇ ਹੋਏ ਹਨ, ਜਿਸ ਕਰ ਕੇ ਸ਼ਹਿਰ ਅੰਦਰ ਸਫ਼ਾਈ ਨਾ ਹੋਣ ਕਾਰਨ ਕਸਬੇ ਅੰਦਰ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਇਸ ਗੰਦਗੀ ਦੀ ਬਦਬੋ ਨਾਲ ਜਿੱਥੇ ਕਸਬੇ ਦੇ ਲੋਕਾਂ ਦਾ ਘਰਾਂ ਅੰਦਰ ਹੀ ਜੀਣਾ ਹਰਾਮ ਹੋਇਆ ਪਿਆ ਹੈ, ਉਥੇ ਹੀ ਇਤਿਹਾਸਿਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ੍ਰੀ ਚੋਲਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਵੀ ਇਨ੍ਹਾਂ ਗੰਦਗੀ ਤੇ ਬਦਬੋ ਵਾਲੇ ਢੇਰਾਂ 'ਤੋਂ ਦੀ ਮੂੰਹ ਢੱਕ ਕੇ ਗੁਜਰਨਾ ਪੈ ਰਿਹਾ ਹੈ | ਇਸ ਸਬੰਧੀ ਜਦ ਨਗਰ ਕੌਂਸਲ ਦਫ਼ਤਰ ਅੱਗੇ ਹੜਤਾਲ 'ਤੇ ਬੈਠੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਪ੍ਰੇਮ ਨਾਥ ਆਦਿ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਹੜਤਾਲ ਨਿਰਵਿਘਨ ਜਾਰੀ ਰਹੇਗੀ ਤੇ ਨਗਰ ਕੌਂਸਲ ਦਾ ਕੋਈ ਵੀ ਸਫ਼ਾਈ ਸੇਵਕ ਕੰਮ 'ਤੇ ਨਹੀਂ ਜਾਵੇਗਾ | ਇਸ ਸਬੰਧੀ ਕਸਬੇ ਦੇ ਸਮਾਜ ਸੇਵੀ ਤੇ ਸਿਟੀ ਵੈਲਫੇਅਰ ਕਲੱਬ ਦੇ ਪ੍ਰਧਾਨ ਰਜੇਸ਼ ਕੁਮਾਰ ਹਾਂਡਾ ਸਮੇਤ ਕਸਬੇ ਦੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ -ਕੀਤਾ ਜਾਵੇ ਤਾਂ ਜੋ ਇਹ ਕਰਮਚਾਰੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ 'ਤੇ ਆ ਕੇ ਕਸਬੇ ਦੀ ਸਫ਼ਾਈ ਕਰ ਸਕਣ ਤੇ ਸਥਾਨਕ ਲੋਕਾਂ ਨੂੰ ਇਸ ਗੰਦਗੀ ਨਾਲ ਫ਼ੈਲਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ |