ਦੀਨਾਨਗਰ, 20 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਜਰਨਲ ਸਮਾਜ ਦੀ ਮੀਟਿੰਗ ਰਾਸ਼ਟਰੀ ਕਰਨੀ ਸੈਨਾ ਦੇ ਸੂਬਾ ਪ੍ਰਧਾਨ ਐਡਵੋਕੇਟ ਨਰੇਸ਼ ਠਾਕੁਰ ਤੇ ਅਖਿਲ ਭਾਰਤੀ ਕਸ਼ੱਤਰੀ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਜੋਗਿੰਦਰ ਸਿੰਘ ਬਿਆਨਪੁਰ ਦੀ ਪ੍ਰਧਾਨਗੀ ਹੇਠ ਪਿੰਡ ਪੱਖੋਵਾਲ ਕੁੱਲੀਆਂ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਨਰੇਸ਼ ਠਾਕੁਰ ਨੇ ਕੇਂਦਰ ਸਰਕਾਰ ਉੱਪਰ ਜਰਨਲ ਸਮਾਜ ਖ਼ਿਲਾਫ਼ ਭੁਗਤਣ ਦੇ ਦੋਸ਼ ਲਗਾਏ ਤੇ ਯੂ.ਜੀ.ਸੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਸਾਰੀਆਂ ਸਰਕਾਰਾਂ ਤੇ ਰਾਜਨੀਤਕ ਦਲ ਸਿਰਫ ਇਕ ਵਰਗ ਦੇ ਵੋਟ ਨੂੰ ਆਪਣੇ ਹੱਕ 'ਚ ਭੁਗਤਾਉਣ ਲਈ ਜਰਨਲ ਸਮਾਜ ਨੂੰ ਨਿਸ਼ਾਨਾ ਬਣਾ ਰਹੇ ਹਨ | ਜਦੋਂ ਕਿ ਹੁਣ ਤੱਕ ਦੀ ਕਿਸੇ ਵੀ ਕੇਂਦਰ ਜਾਂ ਰਾਜ ਸਰਕਾਰ ਨੇ ਜਰਨਲ ਸਮਾਜ ਦੇ ਹੱਕ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਕੋਈ ਕਾਨੂੰਨ ਬਣਾਇਆ ਹੈ | ਹੁਣ ਤੱਕ ਜਿੰਨੇ ਵੀ ਕਾਨੂੰਨ ਬਣੇ ਹਨ, ਸਾਰੇ ਹੀ ਜਰਨਲ ਸਮਾਜ ਦੇ ਹੱਕਾਂ ਉੱਪਰ ਡਾਕਾ ਮਾਰਨ ਵਾਲੇ ਅਤੇ ਨੁਕਸਾਨ ਕਰਨ ਵਾਲੇ ਬਣਾਏ ਗਏ ਹਨ | ਉਨ੍ਹਾਂ ਕਿਹਾ ਕਿ ਇਹ ਸਭ ਇਸ ਲਈ ਹੋ ਰਿਹਾ ਹੈ ਕਿ ਜਰਨਲ ਸਮਾਜ ਵੰਡਿਆ ਹੋਇਆ ਹੈ | ਇਹ ਨਾ ਤਾਂ ਇੱਕਜੁੱਟ ਹੈ ਤੇ ਇਨ੍ਹਾਂ ਕੋਲ ਕੋਈ ਸਿਆਸੀ ਤਾਕਤ ਵੀ ਨਹੀਂ ਹੈ, ਇਸ ਲਈ ਜਰਨਲ ਸਮਾਜ ਦੇ ਨਾਲ ਹੋ ਰਹੇ ਅਨਿਆਂ ਖ਼ਿਲਾਫ਼ ਲੜਨ ਲਈ ਜਰਨਲ ਸਮਾਜ ਨੂੰ ਇੱਕਜੁੱਟ ਹੋਣਾ ਪਵੇਗਾ ਤੇ ਆਪਣੀ ਤਾਕਤ ਦਿਖਾਉਣੀ ਪਵੇਗੀ | ਕੈਪਟਨ ਜੋਗਿੰਦਰ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਰਾਜਨੀਤਕ ਪਾਰਟੀ ਖ਼ਿਲਾਫ਼ ਨਹੀਂ ਹਨ | ਪਰ ਆਪਣੇ ਹੱਕਾਂ ਲਈ ਆਪਣੇ ਸਮਾਜ ਨੂੰ ਜਾਗਰੂਕ ਕਰ ਰਹੇ ਹਨ ਤਾਂ ਕਿ ਇਕੱਠੇ ਹੋ ਕੇ ਜਰਨਲ ਸਮਾਜ ਦੇ ਹੱਕਾਂ ਦੀ ਲੜਾਈ ਲੜੀ ਜਾ ਸਕੇ | ਇਸ ਮੌਕੇ ਠਾਕੁਰ ਅੰਚਲ ਸਿੰਘ, ਕੇ.ਐਸ ਸਲਾਰੀਆ, ਅਵਤਾਰ ਸਿੰਘ, ਰਵਿੰਦਰ ਕਾਟਲ, ਪ੍ਰਸ਼ੋਤਮ ਸਿੰਘ, ਹੈਪੀ ਸਲਾਰੀਆ, ਹਨੀ ਕਾਟਲ, ਰਕੇਸ਼ ਕੁਮਾਰ ਗੌਰਵ ਕਾਟਲ, ਦਵਿੰਦਰ ਸਿੰਘ ਤੇ ਬਲਰਾਜ ਕਾਟਲ ਹਾਜ਼ਰ ਸਨ |