ਡੇਰਾ ਬਾਬਾ ਨਾਨਕ, 22 ਮਈ (ਵਿਜੇ ਸ਼ਰਮਾ)-ਸੂਬਾ ਸਫ਼ਾਈ ਮੁਲਾਜ਼ਮ ਯੂਨੀਅਨ ਤੇ ਪੰਜਾਬ ਸਰਕਾਰ ਦਰਮਿਆਨ ਹੋਈ ਗੱਲਬਾਤ ਉਪਰੰਤ ਸੂਬੇ ਭਰ 'ਚ ਪਿਛਲੇ 15 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਕੀਤੀ ਗਈ ਹੜਤਾਲ ਸਮਾਪਤ ਹੋ ਗਈ, ਜਿਸ ਉਪਰੰਤ ਅੱਜ ਸਥਾਨਕ ਕਸਬੇ ਅੰਦਰ ਲੱਗੇ ਕੂੜੇ ਦੇ ਢੇਰ ਚੁੱਕਣ ਦੀ ਕਾਰਵਾਈ ਸਫ਼ਾਈ ਮੁਲਾਜ਼ਮਾਂ ਵਲੋਂ ਸ਼ੁਰੂ ਕਰ ਦਿੱਤੀ ਗਈ | ਜ਼ਿਕਰਯੋਗ ਹੈ ਕਿ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਦੇ ਚਲਦਿਆਂ ਜਿੱਥੇ ਸ਼ਹਿਰ ਦੀ ਹਰ ਨੁੱਕਰ ਤੇ ਜਨਤਕ ਥਾਵਾਂ 'ਤੇ ਕੂੜੇ ਦੇ ਢੇਰ ਲੱਗ ਗਏ ਸਨ, ਉਥੇ ਹੀ ਕੂੜੇ ਤੋਂ ਉੱਠ ਰਹੀ ਬਦਬੂ ਨੇ ਆਮ ਲੋਕਾਂ ਦਾ ਜਿਊਣਾ ਵੀ ਮੁਸ਼ਕਿਲ ਕੀਤਾ ਹੋਇਆ ਸੀ | ਅੱਜ ਨਗਰ ਕੌਂਸਲ ਦੇ ਸਫ਼ਾਈ ਮੁਲਾਜ਼ਮਾਂ ਵਲੋਂ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ, ਸਰਕੂਲਰ ਰੋਡ ਤੇ ਹੋਰ ਜਨਤਕ ਥਾਵਾਂ ਤੋਂ ਕੂੜਾ ਚੁੱਕਣ ਦਾ ਕੰਮ ਆਮ ਦੀ ਤਰ੍ਹਾਂ ਸ਼ੁਰੂ ਕਰ ਦਿੱਤਾ ਗਿਆ, ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ |