ਕਾਹਨੂੰਵਾਨ, 25 ਮਈ (ਜਸਪਾਲ ਸਿੰਘ ਸੰਧੂ)-ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਤੇ ਰੈਂਕਰਜ਼ ਇੰਟਰਨੈਸ਼ਨਲ ਹਾਈ ਸਕੂਲ ਕੋਟ ਧੰਦਲ ਦੇ ਸਾਹਮਣੇ ਵਾਲੀ ਸੜਕ 'ਤੇ ਕਈ ਮਹੀਨਿਆਂ ਤੋਂ ਪੱਥਰ ਪਾ ਕੇ ਠੇਕੇਦਾਰ ਵਲੋਂ ਇਸ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ | ਇਸ ਸੜਕ ਉਪਰੋਂ ਦੀ ਲੰਘਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹਨ | ਸਥਾਨਕ ਲੋਕਾਂ ਨੇ ਕਿਹਾ ਕਿ ਉਹ ਜਦੋਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਉਂਦੇ ਹਨ ਤਾਂ ਕਈ ਵਾਰ ਸਕੂਲੀ ਬੱਸਾਂ ਦੇ ਟਾਇਰਾਂ ਥੱਲਿਓਾ ਪੱਥਰ ਨਿਕਲਣ ਕਰਕੇ ਕਈ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਹਨ | ਉਨ੍ਹਾਂ ਕਿਹਾ ਕਿ ਹਰ ਵਕਤ ਛੋਟੇ ਬੱਚਿਆਂ ਨੂੰ ਸੱਟਾਂ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ | ਮਨਪ੍ਰੀਤ ਸਿੰਘ ਸਰਪੰਚ ਕੋਟ ਧੰਦਲ ਨੇ ਕਿਹਾ ਕਿ ਉਨ੍ਹਾਂ ਵਲੋਂ ਕਈ ਵਾਰ ਲੋਕ ਨਿਰਮਾਣ ਦੇ ਐਸ.ਡੀ.ਓ. ਅਤੇ ਠੇਕੇਦਾਰ ਨਾਲ ਇਸ ਸੜਕ 'ਤੇ ਪ੍ਰੀਮਿਕਸ ਪਾਉਣ ਲਈ ਸੰਪਰਕ ਕੀਤਾ ਗਿਆ ਤਾਂ ਹਰ ਵਾਰ ਨਮੋਸ਼ੀ ਹੀ ਪੱਲੇ ਪਈ ਹੈ | ਸਥਾਨਕ ਵਾਸੀਆਂ ਤੇ ਕੁਝ ਕਿਸਾਨ ਆਗੂਆਂ ਦਾ ਕਹਿਣਾ ਕਿ ਜੇ ਇਸ ਸੜਕ 'ਤੇ ਜਲਦੀ ਪ੍ਰੀਮਿਕਸ ਨਾ ਪਾਇਆ ਤਾਂ ਉਹ ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਨੂੰ ਜਾਂਦੀ ਮੁੱਖ ਸੜਕ 'ਤੇ ਧਰਨਾ ਲਾਉਣ ਲਈ ਮਜਬੂਰ ਹੋਣਗੇ | ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਬਲਵਿੰਦਰ ਸਿੰਘ ਨਾਲ ਫੋਨ 'ਤੇ ਰਾਬਤਾ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ | ਇਸ ਮੌਕੇ ਗੁਰਨਾਮ ਸਿੰਘ ਧੰਦਲ, ਚਰਨਜੀਤ ਸਿੰਘ ਧੰਦਲ, ਮਨਦੀਪ ਸਿੰਘ, ਮਲੂਕ ਸਿੰਘ ਕੋਟ ਧੰਦਲ, ਨਰਿੰਦਰ ਸਿੰਘ, ਮਨਜੀਤ ਸਿੰਘ, ਗੁਰਮੁਖ ਸਿੰਘ ਜੋਗੀ ਚੀਮਾ, ਕਾਬਲ ਸਿੰਘ, ਕੁਲਵੰਤ ਸਿੰਘ, ਗੁਰਦੇਵ ਸਿੰਘ, ਬਲਕਾਰ ਸਿੰਘ, ਮੋਹਣ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਧੰਨਾ ਸਿੰਘ, ਸੱਤਾ ਮਸੀਹ ਆਦਿ ਹਾਜ਼ਰ ਸਨ |