ਤਾਰਾਗੜ੍ਹ, 27 ਮਈ (ਸੋਹਨ ਲਾਲ)-ਆਏ ਦਿਨ ਸਰਕਾਰ ਵਲੋਂ ਓਵਰਲੋਡਿੰਗ ਬਾਰੇ ਕਈ ਤਰ੍ਹਾਂ-ਤਰ੍ਹਾਂ ਦੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ | ਪਰ ਨੈਸ਼ਨਲ ਹਾਈਵੇ 'ਤੇ ਅਨੇਕਾਂ ਓਵਰਲੋਡ ਵਾਹਨ ਪੁਲਿਸ ਦੀ ਨੱਕ ਥੱਲੇ ਚੱਲ ਰਹੇ ਹਨ | ਪਰ ਪੁਲਿਸ ਇਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ | ਜਿਸ ਕਾਰਨ ਇਨ੍ਹਾਂ ਗੱਡੀਆਂ ਦੇ ਡਰਾਈਵਰ ਆਪਣੀ ਜਾਨ ਦੇ ਨਾਲ-ਨਾਲ ਦੂਸਰਿਆਂ ਦੀ ਜਾਨ ਨੰੂ ਵੀ ਜੋਖਮ 'ਚ ਪਾ ਰਹੇ ਹਨ | ਜ਼ਿਕਰਯੋਗ ਹੈ ਕਿ ਓਵਰਲੋਡ ਵਾਹਨਾਂ 'ਤੇ ਅਜੇ ਪਾਬੰਦੀ ਲੱਗੀ ਹੋਈ ਹੈ | ਇਸ ਦੇ ਬਾਵਜੂਦ ਵੀ ਵਾਹਨ ਚਾਲਕ ਇਸ ਦੀ ਪ੍ਰਵਾਹ ਕੀਤੇ ਬਿਨਾਂ ਲਗਾਤਾਰ ਸੜਕਾਂ 'ਤੇ ਓਵਰਲੋਡਿੰਗ ਵਾਹਨ ਲੈ ਕੇ ਚੱਲ ਰਹੇ ਹਨ | ਦੂਸਰੇ ਪਾਸੇ ਸਬੰਧਿਤ ਅਧਿਕਾਰੀ ਇਨ੍ਹਾਂ ਵਾਹਨ ਚਾਲਕਾਂ ਖਿਲਾਫ਼ ਕਾਰਵਾਈ ਕਰਨ ਵਿਚ ਕੋਈ ਵੀ ਦਿਲਚਸਪੀ ਨਹੀਂ ਦਿਖਾ ਰਹੇ ਹਨ | ਜਿਸ ਨਾਲ ਵਾਹਨ ਚਾਲਕਾਂ ਦੇ ਹੌਂਸਲੇ ਬੁਲੰਦ ਹਨ | ਇਸ ਸਬੰਧੀ ਗੱਲਬਾਤ ਕਰਦੇ ਹੋਏ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਨੇ ਕਿਹਾ ਕਿ ਸੜਕ ਹਾਦਸਿਆਂ ਦੇ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਹਨ | ਪਰ ਸਭ ਤੋਂ ਜ਼ਿਆਦਾ ਸੜਕ ਹਾਦਸੇ ਓਵਰਲੋਡ ਗੱਡੀਆਂ ਨਾਲ ਹੀ ਹੁੰਦੇ ਹਨ | ਕਈ ਵਾਰ ਦੇਖਣ ਵਿਚ ਆਇਆ ਹੈ ਕਿ ਜਦ ਓਵਰਲੋਡ ਗੱਡੀ ਤੇਜ਼ ਰਫਤਾਰ ਵਿਚ ਖਤਰਨਾਕ ਮੋੜ ਤੋਂ ਮੁੜਦੀ ਹੈ ਤਾਂ ਉਹ ਆਪਣਾ ਸੰਤੁਲਨ ਗਵਾ ਲੈਂਦੀ ਹੈ ਤੇ ਹਾਦਸੇ ਹੋਣ ਦੇ ਕਾਰਨ ਵੱਧ ਜਾਂਦੇ ਹਨ | ਇਸ ਲਈ ਓਵਰਲੋਡਿੰਗ ਗੱਡੀਆਂ ਦੇ ਚਾਲਕਾਂ ਨੰੂ ਵੀ ਚਾਹੀਦਾ ਹੈ ਕਿ ਉਹ ਦੇਸ਼ ਦੇ ਕਾਨੰੂਨ ਦੇ ਮੁਤਾਬਿਕ ਲੋਡਿੰਗ ਕਰਨ ਤਾਂ ਜੋ ਹਾਦਸੇ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਓਵਰਲੋਡਿੰਗ ਵਾਹਨਾਂ 'ਤੇ ਸਿਕੰਜਾ ਕੱਸ ਕੇ ਪੰਜਾਬ ਸਰਕਾਰ ਨੰੂ ਮੋਟਰ ਵਹੀਕਲ ਐਕਟ 2015 ਲਗਾ ਕੇ ਇਸ ਤਰ੍ਹਾਂ ਦੇ ਮੋਟਰ ਵਹੀਕਲਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |