ਗੁਰਦਾਸਪੁਰ, 27 ਮਈ (ਗੁਰਪ੍ਰਤਾਪ ਸਿੰਘ)-ਬਹਿਰਾਮਪੁਰ ਵਿਖੇ ਬਾਬਾ ਲੁੱਡਣ ਸ਼ਾਹ ਦੀ ਸਮਾਧ ਤੋਂ ਗਾਹਲੜੀ ਰੋਡ ਨੂੰ ਲਿੰਕ ਕਰਦੀ ਸੜਕ ਦੀ ਮੁਰੰਮਤ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਦੀ ਗੈਰ ਹਾਜ਼ਰੀ 'ਚ ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਅਤੇ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਪੰਜਾਬ ਮੰਡੀਕਰਨ ਬੋਰਡ ਗੁਰਦਾਸਪੁਰ ਦੇ ਐਸ.ਡੀ.ਓ ਰਕੇਸ਼ ਕੁਮਾਰ ਨੂੰ ਸਾਂਝੇ ਤੌਰ 'ਤੇ ਮਿਲਿਆ | ਐਸ.ਡੀ.ਓ ਨਾਲ ਗੱਲਬਾਤ ਕਰਦੇ ਹੋਏ ਸੁਧਾਰ ਸਭਾ ਬਹਿਰਾਮਪੁਰ ਦੇ ਪ੍ਰਧਾਨ ਵਿਜੇ ਸਲਾਰੀਆ ਤੇ ਕਿਸਾਨ ਆਗੂ ਤਰਲੋਕ ਸਿੰਘ ਬਹਿਰਾਮਪੁਰ ਨੇ ਕਿਹਾ ਕਿ ਇਹ ਸੜਕ ਬਣੀ ਨੂੰ ਕਰੀਬ 9 ਸਾਲ ਹੋ ਗਏ ਹਨ | ਪਰ ਉਸ ਤੋਂ ਬਾਅਦ ਇਸ ਸੜਕ ਦੀ ਕਦੇ ਵੀ ਮੁਰੰਮਤ ਨਹੀਂ ਹੋਈ ਹੈ | ਜਿਸ ਕਰਕੇ ਸੜਕ ਵਿਚ ਵੱਡੇ ਵੱਡੇ ਟੋਏ ਪਏ ਹਨ ਅਤੇ ਸਾਰੀ ਸੜਕ ਉੱਭੜ-ਖਾਬੜ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਵੀ ਕਈ ਵਾਰ ਇਸ ਸੜਕ ਸਬੰਧੀ ਐਕਸੀਅਨ ਪੰਜਾਬ ਮੰਡੀਕਰਨ ਬੋਰਡ ਗੁਰਦਾਸਪੁਰ ਨੂੰ ਮਿਲ ਚੁੱਕੇ ਹਾਂ | ਉਨ੍ਹਾਂ ਦੱਸਿਆ ਕਿ ਐਸ.ਡੀ.ਓ ਮੁਤਾਬਿਕ ਇਸ ਸੜਕ ਦੀ ਮੁਰੰਮਤ ਕਰਨ ਦਾ ਟੈਂਡਰ ਹੋ ਚੁੱਕਾ ਹੈ ਅਤੇ ਇਸ ਦੀ ਮੁਰੰਮਤ ਦੇ ਪੈਸੇ ਵੀ ਆ ਚੁੱਕੇ ਹਨ | ਆਗੂਆਂ ਨੇ ਦੱਸਿਆ ਕਿ ਐਸ.ਡੀ ਓ ਵਲੋਂ ਜਨਤਕ ਵਫ਼ਦ ਨੂੰ ਯਕੀਨ ਦਿਵਾਇਆ ਹੈ ਕਿ 15 ਦਿਨ ਵਿਚ ਇਹ ਸੜਕ ਬਣਾ ਦਿੱਤੀ ਜਾਵੇਗੀ | ਆਗੂਆਂ ਨੇ ਪੈ੍ਰੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੇ 15 ਦਿਨ ਵਿਚ ਇਸ ਸੜਕ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਮੀਟਿੰਗ ਕਰਕੇ ਅਗਲੀ ਕਾਰਵਾਈ ਦਾ ਫ਼ੈਸਲਾ ਕੀਤਾ ਜਾਵੇਗਾ | ਇਸ ਜਨਤਕ ਵਫ਼ਦ ਵਿਚ ਠਾਕੁਰ ਪ੍ਰਭਾਤ ਸਿੰਘ, ਤਰਸੇਮ ਕੁਮਾਰ, ਪਲਵਿੰਦਰ ਸਿੰਘ, ਜਗਦੀਸ਼ ਭਗਤ, ਚੰਦਰ ਸ਼ੇਖਰ, ਸਾਹਿਬ ਸਿੰਘ, ਕੁਲਰਾਵਤ ਸਿੰਘ, ਦੇਸਰਾਜ, ਸਤਪਾਲ ਸਿੰਘ, ਦਲੀਪ ਸਿੰਘ ਬਿੱਟੂ, ਸੁਖਦੇਵ ਰਾਜ ਬਹਿਰਾਮਪੁਰ, ਭਜਨ ਸਿੰਘ ਤੇ ਕਿਸਾਨ ਆਗੂ ਸਤਿਬੀਰ ਸਿੰਘ ਸੁਲਤਾਨੀ ਆਦਿ ਸ਼ਾਮਿਲ ਹੋਏ |