ਗੁਰਦਾਸਪੁਰ, 29 ਮਈ (ਗੁਰਪ੍ਰਤਾਪ ਸਿੰਘ)-ਅੱਜ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਜ਼ (ਏਕਟੂ) ਨਾਲ ਸਬੰਧਿਤ ਭੱਠਾ ਮਜ਼ਦੂਰ ਯੂਨੀਅਨ ਵਲੋਂ ਮੰਗਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ਮੋਹਰੇ ਧਰਨਾ ਦਿੱਤਾ ਗਿਆ | ਇਸ ਮੌਕੇ ਬੋਲਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਮਸੀਹ ਸੋਨਾ, ਫੂਲ ਚੰਦ, ਸੁਖਦੇਵ ਬਿੱਟਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਭਾਵੇਂ ਕਿਰਤ ਵਿਭਾਗ ਪੰਜਾਬ ਨੇ ਮਜ਼ਦੂਰਾਂ ਲਈ ਘੱਟੋ ਘੱਟ ਉਜਰਤ ਦੇ ਵਾਧੇ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ | ਪਰ ਇਸ ਨੋਟੀਫ਼ਿਕੇਸ਼ਨ 'ਚ ਭੱਠਾ ਮਜ਼ਦੂਰਾਂ ਦੀ ਉਜਰਤ ਵਿਚ ਵਾਧਾ ਜਾਰੀ ਨਹੀਂ ਕੀਤਾ ਗਿਆ | ਜਿਸ ਕਾਰਨ ਭੱਠਾ ਮਜ਼ਦੂਰਾਂ ਵਿਚ ਸਰਕਾਰ ਵਿਰੁੱਧ ਰੋਸ ਹੈ | ਆਗੂਆਂ ਨੇ ਦੱਸਿਆ ਕਿ ਅੱਜ ਦਿੱਤੇ ਮੰਗ ਪੱਤਰ ਵਿਚ ਜੀ.ਏ ਗੁਰਦਾਸਪੁਰ ਨੂੰ ਐਕਸ਼ਨ ਲੈਣ ਦੀ ਮੰਗ ਕੀਤੀ ਗਈ ਹੈ, ਜਿਸ ਨੰੂ ਧਿਆਨ 'ਚ ਰੱਖਦੇ ਹੋਏ ਜੀ.ਏ ਵਲੋਂ ਆਪਣੇ ਦਫ਼ਤਰ ਵਿਚ 3 ਜੂਨ ਨੂੰ ਭੱਠਾ ਮਾਲਕਾਂ, ਕਿਰਤ ਅਧਿਕਾਰੀਆਂ ਤੇ ਏਕਟੂ ਆਗੂਆਂ ਦੀ ਮੀਟਿੰਗ ਬੁਲਾਈ ਗਈ ਹੈ | ਇਸ ਮੌਕੇ ਰਾਜੂ ਬਟਾਲਾ, ਬਚਨ ਬੋਪਾਰਾਏ ਅਤੇ ਜੋਗਿੰਦਰ ਪਾਲ ਲੇਹਲ ਆਦਿ ਹਾਜ਼ਰ ਸਨ |